ਮੇਘ ਰਾਜ ਮਿੱਤਰ
18. ਹਰ ਇਨਸਾਨ ਦੀ ਸ਼ਕਲ ਇੱਕੋ ਜਿਹੀ ਕਿਉਂ ਨਹੀਂ ਹੁੰਦੀ। ਇਸ ਦਾ ਵਿਗਿਆਨਕ ਕਾਰਨ ਕੀ ਹੈ। ਕ੍ਰਿਪਾ ਕਰਕੇ ਸੌਖੀ ਜਿਹੀ ਭਾਸ਼ਾ ਵਿੱਚ ਦੱਸਣਾ?
19. ਇੱਕ ਬੱਚਾ ਕਰੋੜਪਤੀ ਦੇ ਘਰ ਜਨਮ ਲੈਂਦਾ ਹੈ। ਦੂਸਰਾ ਬੱਚਾ ਇੱਕ ਭਿਖਾਰੀ ਦੇ ਘਰ ਜਨਮ ਲੈਂਦਾ ਹੈ। ਕੀ ਤੁਸੀਂ ਇਸ ਨੂੰ ਕਿਸਮਤ ਜਾਂ ਪਿਛਲੇ ਜਨਮ ਦਾ ਕਰਮ ਨਹੀਂ ਮੰਨਦੇ?
20. ਕੁਦਰਤ ਅਤੇ ਰੱਬ ਵਿੱਚ ਕੀ ਫਰਕ ਹੈ?
21. ਕੀ ਮਾਨਸਿਕ ਰੋਗਾਂ ਵਿੱਚ ਕੋਈ ਅਜਿਹਾ ਰੋਗ ਵੀ ਹੈ ਜਿਸ ਦਾ ਇਲਾਜ ਨਹੀਂ ਹੈ। ਵੱਧ ਤੋਂ ਵੱਧ ਇਸ ਰੋਗ ਵਿੱਚ ਕਿੰਨਾ ਚਿਰ ਦੁਆਈ ਖਾਣੀ ਪੈਂਦੀ ਹੈ।
22. ਭਾਰਤ ਵਿੱਚ ਆਦਮੀ ਅਤੇ ਔਰਤ ਦੀ ਔਸਤਨ ਉਮਰ ਕਿੰਨੀ ਹੈ?
– ਚਰਨ ਦਾਸ, ਓਂਕਾਰ ਨਗਰ, ਫਗਵਾੜਾ
– ਮਨੁੱਖੀ ਸਰੀਰ ਅਰਬਾਂ ਸੈੱਲਾਂ ਦਾ ਸੰਗ੍ਰਹਿ ਹੈ। ਜੇ ਸਾਡੇ ਕੋਲ 4 ਕੱਚ ਦੀਆਂ ਗੋਲੀਆਂ ਵੀ ਹੋਣ ਤਾਂ ਉਹ ਵੀ ਉਨ੍ਹਾਂ ਨੂੰ ਰੱਖਣ ਦੇ ਢੰਗ 24 ਹੁੰਦੇ ਨੇ। ਮਨੁੱਖੀ ਸਰੀਰ ਵਿੱਚ ਸੈੱਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਹਰ ਇਨਸਾਨ ਦੀਆਂ ਸ਼ਕਲਾਂ ਅਲੱਗ-ਅਲੱਗ ਹੁੰਦੀਆਂ ਹਨ।
– ਜਨਮ ਸਮੇਂ ਹੀ ਕਰੋੜਪਤੀ ਬਣ ਜਾਣਾ ਜਾਂ ਮਲੰਗਪਤੀ ਬਣ ਜਾਣਾ ਕਿਸੇ ਦੇਸ਼ ਤੇ ਰਾਜ ਕਰ ਰਹੀ ਜਮਾਤ `ਤੇ ਨਿਰਭਰ ਹੁੰਦਾ ਹੈ। ਕੁਝ ਸਮੇਂ ਪਹਿਲਾਂ ਚੀਨ ਵਿੱਚ ਸਾਰੀ ਜਾਇਦਾਦ ਹੀ ਸਰਕਾਰੀ ਕਰ ਦਿੱਤੀ ਗਈ ਸੀ ਤੇ ਇਸ ਤਰ੍ਹਾਂ ਉਸ ਸਮੇਂ ਦੌਰਾਨ ਚੀਨ ਵਿੱਚ ਜੰਮੇ ਵੀਹ-ਤੀਹ ਕੋ੍ਰੜ ਬੱਚੇ ਜਨਮ ਸਮੇਂ ਸਾਰੇ ਹੀ ਮਲੰਗ ਸਨ।
– ਕੁਦਰਤ ਤੇ ਰੱਬ ਵਿੱਚ ਵੱਡਾ ਫਰਕ ਹੈ। ਕੁਦਰਤ ਵਿੱਚ ਵਾਸਤਵਿਕਤਾ ਹੈ ਤੇ ਰੱਬ ਸਿਰਫ ਇੱਕ ਕਲਪਨਾ। ਕੁਦਰਤ ਕੁਝ ਵਿਸ਼ੇਸ਼ ਕਿਸਮਾਂ ਅਨੁਸਾਰ ਚਲਦੀ ਰਹਿੰਦੀ ਹੈ। ਜਿਵੇਂ ਸਾਰੀਆਂ ਵਸਤੂਆਂ ਦਾ ਇੱਕ ਦੂਜੇ ਨੂੰ ਖਿੱਚਣਾ। ਚੁੰਬਕ ਦੇ ਵਿਰੋਧੀ ਧਰੁਵਾਂ ਦਾ ਇੱਕ ਦੂਜੇ ਨੂੰ ਪਰ੍ਹਾਂ ਧੱਕਣਾ। ਹਰੇਕ ਕ੍ਰਿਆ ਦੇ ਉਲਟ ਪ੍ਰਤੀਕਿਰਿਆ ਆਦਿ ਅਜਿਹੇ ਨਿਯਮ ਹਨ ਜਿਹੜੇ ਕੁਦਰਤ ਵਿੱਚ ਆਪਣੇ ਆਪ ਚਲਦੇ ਰਹਿੰਦੇ ਹਨ। ਚੰਦਰਮਾ ਕੁਦਰਤ ਹੈ ਤੇ ਮਨੁੱਖ ਜਾਤੀ ਸਮੇਤ ਉਸਦੇ ਕਲਪੇ ਹੋਏ ਰੱਬ ਦੇ ਨਹੀਂ ਹੈ।
– ਮਾਨਸਿਕ ਰੋਗਾਂ ਵਿੱਚ ਬਹੁਤ ਸਾਰੇ ਅਜਿਹੇ ਰੋਗ ਹਨ ਜਿਨ੍ਹਾਂ ਦਾ ਅੱਜ ਦੀ ਵਿਗਿਆਨ ਕੋਲ ਕੋਈ ਇਲਾਜ ਨਹੀਂ। ਬਹੁਤ ਸਾਰੇ ਬੱਚੇ ਅਜਿਹੇ ਹੁੰਦੇ ਹਨ ਜਿਹੜੇ ਜਮਾਂਦਰੂ ਹੀ ਪਾਗਲ ਹੁੰਦੇ ਹਨ ਤੇ ਜਿਨ੍ਹਾਂ ਨੇ ਜਮਾਂਦਰੂ ਪਾਗਲ ਹੀ ਮਰ ਜਾਣਾ ਹੁੰਦਾ ਹੈ। ਦਵਾਈ ਖਾਣ ਨਾਲ ਵੀ ਅਜਿਹੇ ਰੋਗੀ ਠੀਕ ਨਹੀਂ ਹੁੰਦੇ।
– ਭਾਰਤ ਵਿੱਚ ਆਦਮੀ, ਔਰਤਾਂ ਦੀ ਔਸਤਨ ਉਮਰ 65 ਕੁ ਸਾਲ ਦੇ ਲਗਭਗ ਹੈ।

