Site icon Tarksheel Society Bharat (Regd.)

ਕੀ ਵਿਗਿਆਨ ਧਰਮ ਦੀ ਦੇਣ ਹੈ ਜਾਂ ਵਿਗਿਆਨ ਦਾ ਰਾਸਤਾ ਧਰਮ ਤੋਂ ਸ਼ੁਰੂ ਹੁੰਦਾ ਹੈ?

– ਮੇਘ ਰਾਜ ਮਿੱਤਰ

ਇਹ ਅਸਲੀਅਤ ਹੈ ਕਿ ਦੁਨੀਆਂ ਦੀਆਂ ਬਹੁਤੀਆਂ ਪ੍ਰਾਚੀਨ ਖੋਜਾਂ ਬੋਧੀਆਂ ਦੀ ਧਰਤੀ ਤੇ ਹੋਈਆਂ ਸਨ ਕਿਉਂਕਿ ਇਨ•ਾਂ ਦੇਸ਼ਾਂ ਵਿਚ ਬੁੱਧ ਧਰਮ ਭਾਰੂ ਰਿਹਾ ਹੈ ਅਤੇ ਬੁੱਧ ਧਰਮ ਦਾ ਯਕੀਨ ਰੱਬ ਵਿਚ ਨਹੀਂ ਹੈ। ਧਰਮ ਤਾਂ ਭੂਤਾਂ ਪ੍ਰੇਤਾਂ, ਕਰਾਮਾਤੀ ਸ਼ਕਤੀਆਂ, ਮੰਦਰਾਂ ਮਸਜਿਦਾਂ ਦੀ ਸ਼ਕਤੀ, ਆਤਮਾ, ਪ੍ਰਮਾਤਮਾ ਪੁਨਰ ਜਨਮ ਵਰਗੇ ਸਵਰਗਾਂ, ਨਰਕਾਂ, ਜਮਦੂਤਾਂ, ਜੂਨੀਆਂ, ਆਵਾਗਮਨ ਆਦਿ ਦੀਆਂ ਗੱਲਾਂ ਕਰਕੇ ਲੋਕਾਈ ਨੂੰ ਗੁੰਮਰਾਹ ਕਰਦਾ ਹੈ। ਇਸ ਲਈ ਨਾ ਤਾਂ ਵਿਗਿਆਨ ਦਾ ਕੋਈ ਰਾਸਤਾ ਧਰਮ ਤੋਂ ਨਿਕਲਦਾ ਹੈ ਤੇ ਨਾ ਹੀ ਧਰਮ ਤੋਂ ਸ਼ੁਰੂ ਹੁੰਦਾ ਹੈ। ਧਰਮ ਤਾਂ ਮਨੁੱਖ ਜਾਤੀ ਨੂੰ ਡੂੰਘੀਆਂ ਖੱਡਾਂ ਵਿਚ ਲਿਜਾਣ ਦਾ ਯਤਨ ਕਰਦਾ ਹੈ ਜਦ ਕਿ ਵਿਗਿਆਨਕ ਰਾਕਟਾਂ ਰਾਹੀ ਚੰਦਰਮਾ ਤਾਰਿਆਂ ਤੇ ਲੈ ਜਾਣ ਲਈ ਯਤਨਸ਼ੀਲ ਹੈ। ਮੈਂ ਇੱਕ ਤਰਕਸ਼ੀਲ ਹਾਂ ਜਿਸਨੇ ਲਗਭੱਗ ਸਾਰੀ ਜ਼ਿੰਦਗੀ ਕਿਸੇ ਧਰਮ ਤੋਂ ਬਗੈਰ ਪੂਰੀ ਵਧੀਆ ਢੰਗ ਨਾਲ ਲੰਘਾਈ ਹੈ। ਕੀ ਕੋਈ ਧਾਰਮਿਕ ਵਿਅਕਤੀ ਜਾਂ ਗੁਣਹੀਣ ਇਹ ਦਾਅਵਾ ਕਰ ਸਕਦਾ ਹੈ ਕਿ ਆਪਣੀ ਜ਼ਿੰਦਗੀ ਵਿਚ ਕਿਸੇ ਵੀ ਵਿਗਿਆਨਕ ਢੰਗ ਨਾਲ ਬਣੀ ਚੀਜ਼ ਦਾ ਇਸਤੇਮਾਲ ਨਹੀਂ ਕਰੇਗਾ। ਸੋ ਵਿਗਿਆਨ ਧਰਤੀ ਤੇ ਮੌਜੂਦ ਹਰੇਕ ਵਿਅਕਤੀ ਦੇ ਜੀਵਨ ਦਾ ਇੱਕ ਅੰਗ ਹੈ। ਪਰ ਦੁਨੀਆਂ ਦੀ ਅੱਧੀ ਆਬਾਦੀ ਧਰਮ ਤੋਂ ਬਗੈਰ ਜ਼ਿੰਦਗੀ ਜਿਉਂ ਰਹੀ ਹੈ। ਇਹ ਕਹਿਣਾ ਕਿ ਵਿਗਿਆਨ ਜਿਥੋਂ ਸ਼ੁਰੂ ਹੁੰਦਾ ਹੈ ਉਥੋਂ ਅਧਿਆਤਮ ਸ਼ੁਰੂ ਹੁੰਦਾ ਹੈ ਵੀ ਗਲਤ ਹੈ ਕਿਉਂਕਿ ਵਿਗਿਆਨ ਚੇਤਨਸ਼ੀਲ ਮਨਾਂ ਵਿਚ ਸਦਾ ਸੀ, ਸਦਾ ਹੈ, ਸਦਾ ਰਹੂਗਾ ਇਸਦਾ ਮਤਲਬ ਇਹ ਹੋਇਆ ਕਿ ਅਧਿਆਤਮ ਕਦੇ ਨਹੀਂ ਸੀ, ਨਾ ਹੈ, ਨਾ ਇਹ ਹੋਵੇਗਾ। ਅਸਲ ਵਿਚ ਦੁਨੀਆਂ ਤੇ ਮੌਜੂਦ ਪੂਰੀ ਖਲਕਤ ਦੋ ਭਾਗਾਂ ਵਿਚ ਵੰਡੀ ਹੋਈ ਹੈ, ਇਕ ਨੂੰ ਯਕੀਨ ਹੈ ਕਿ ਸਮੁੱਚੇ ਬ੍ਰਹਿਮੰਡ ਨੂੰ ਚਲਾਉਣ ਵਾਲੀ ਕਾਰਜ ਸ਼ਕਤੀ ਪ੍ਰਾਕ੍ਰਿਤਕ ਨਿਯਮ ਹਨ। ਦੂਜੀ ਨੂੰ ਯਕੀਨ ਹੈ ਕਿ ਅਦਿੱਖ ਸ਼ਕਤੀ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ ਜਿਸਨੂੰ ਪਾਠ ਪੂਜਾ ਰਾਹੀਂ ਆਪਣੇ ਵੱਸ ਵਿੱਚ ਕੀਤਾ ਜਾ ਸਕਦਾ ਹੈ ਜਾਂ ਜਿਸਦਾ ਉਪਰੋਕਤ ਢੰਗ ਨਾਲ ਥਾਹ ਪਾਇਆ ਜਾ ਸਕਦਾ ਹੈ।

Exit mobile version