ਮੇਘ ਰਾਜ ਮਿੱਤਰ
ਇਤਿਹਾਸਕਾਰਾਂ ਨੇ ਦੁਨੀਆਂ ਨੂੰ ਸੱਤ ਮਹਾਂਦੀਪਾਂ ਵਿੱਚ ਵੰਡਿਆ ਹੋਇਆ ਹੈ। ਇਹਨਾਂ ਵਿੱਚ ਯੂਰਪ ਏਸ਼ੀਆ ਤੇ ਅਫ਼ਰੀਕਾ ਤਾਂ ਲੱਗਭੱਗ ਇੱਕ ਦੂਜੇ ਨਾਲ ਜੁੜੇ ਹੋਏ ਹਨ ਪਰ ਆਸਟਰੇਲੀਆ, ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਇਹਨਾਂ ਤੋਂ ਹਜ਼ਾਰਾਂ ਕਿਲੋਮੀਟਰਾਂ ਦੀ ਵਿੱਥ ਤੇ ਹਨ। ਜੇ ਤੁਸੀਂ ਇਹਨਾਂ ਮਹਾਂਦੀਪਾਂ ਦੇ ਕਿਨਾਰਿਆਂ ਨੂੰ ਧਿਆਨ ਨਾਲ ਵੇਖੋ ਤਾਂ ਤੁਹਾਡੇ ਸਾਹਮਣੇ ਇੱਕ ਅਜੀਬ ਤੱਥ ਆ ਜਾਵੇਗਾ। ਦੱਖਣੀ ਅਫਰੀਕਾ ਦਾ ਖੱਬਾ ਕਿਨਾਰਾ ਪੂਰਬੀ ਅਫਰੀਕਾ ਦੇ ਸੱਜੇ ਕਿਨਾਰੇ ਵਿੱਚ ਤਰਤੀਬ ਨਾਲ ਫਿੱਟ ਜਾ ਬੈਠਦਾ ਹੈ। ਇੱਕ ਵਾਰ ਫਿੱਟ ਹੋਇਆ ਇਹ ਦਿਉ ਕੱਦ ਮਹਾਂਦੀਪ ਉੱਤਰੀ ਅਮਰੀਕਾ ਦੇ ਥੱਲੇ ਨਾਲ ਪੂਰਾ ਫਿੱਟ ਕੀਤਾ ਜਾ ਸਕਦਾ ਹੈ। ਆਸਟ੍ਰ੍ਰੇਲੀਆਂ ਤੇ ਐਨਟਰਾਟਿਕਾ ਵੀ ਇਸੇ ਢੰਗ ਨਾਲ ਜੋੜੇ ਜਾ ਸਕਦੇ ਹਨ। ਇਸ ਤਰ੍ਹਾਂ ਇਹ ਧਰਤੀ ਦਾ ਇੱਕ ਹੀ ਟੁਕੜਾ ਬਣ ਜਾਵੇਗਾ ਜਿਸਦੇ ਆਲੇ ਦੁਆਲੇ ਚਾਰੇ ਪਾਸੇ ਪਾਣੀ ਹੀ ਪਾਣੀ ਸੀ।
ਉਪਰੋਕਤ ਸਚਾਈ ਨੇ ਜਰਮਨੀ ਦੇ ਇੱਕ ਵਿਗਿਆਨੀ ਅਲਫਰਡ ਵੈਂਗਲਰ ਨੂੰ ਇਹ ਸੋਚਣ ਤੇ ਮਜ਼ਬੂਰ ਕਰ ਦਿੱਤਾ ਕਿ ਕਿਸੇ ਸਮੇਂ ਮਹਾਂਦੀਪ ਇੱਕ ਦੂਜੇ ਨਾਲ ਜੁੜੇ ਹੋਏ ਸਨ। ਵੈਂਗਲਰ ਨੇ ਇਹ ਵਿਚਾਰ 1912 ਵਿੱਚ ਪੇਸ਼ ਕੀਤਾ ਸੀ। ਹੁਣ ਇਸਦੀ ਪੁਸ਼ਟੀ ਲਈ ਬਹੁਤ ਸਾਰੇ ਸਬੂਤ ਮਿਲ ਗਏ ਹਨ। ਇਸ ਕੜੀ ਵਿੱਚ ਸਭ ਤੋਂ ਵੱਡਾ ਸਬੂਤ ਹੈ ਕਿ ਅੱਜ ਵੀ ਇਹ ਮਹਾਂਦੀਪ ਇੱਕ ਦੂਜੇ ਤੋਂ ਪੰਦਰਾਂ ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਦੂਰ ਹਟ ਰਹੇ ਹਨ। ਇਸ ਤਰ੍ਹਾਂ ਜੇ ਇਹ ਹਿਸਾਬ ਕੀਤਾ ਜਾਵੇ ਤਾਂ ਅੱਜ ਤੋਂ ਪੰਜ ਕਰੋੜ ਸਾਲ ਪਹਿਲਾਂ ਸਾਡੀ ਧਰਤੀ ਇੱਕ ਹੀ ਸੀ ਤੇ ਉਸਤੋਂ ਬਾਅਦ ਹੀ ਅਮਰੀਕਾ ਤੇ ਆਸਟਰੇਲੀਆ ਮਹਾਂਦੀਪ ਸਾਥੋਂ ਹਰ ਸਾਲ ਪੰਦਰਾਂ ਸੈਂਟੀਮੀਟਰ ਦੀ ਵਿੱਥ ਨਾਲ ਦੂਰ ਹਟਣਾ ਸ਼ੁਰੂ ਹੋ ਗਏ। ਇਹ ਤੱਥ ਇਸ ਗੱਲ ਦੀ ਵੀ ਪੁਸ਼ਟੀ ਕਰਦੇ ਹਨ ਕਿ ਪ੍ਰਸ਼ਾਂਤ ਮਹਾਂਸਾਗਰ ਵਰਗੇ ਵੱਡੇ ਸਮੁੰਦਰ ਉਸ ਸਮੇਂ ਧਰਤੀ ਤੇ ਨਹੀਂ ਸਨ। ਮਹਾਂਦੀਪਾਂ ਵਿਚਕਾਰਲੀਆਂ ਵਿੱਥਾਂ ਵਧਣ ਨਾਲ ਹੀ ਇਹ ਸਮੁੰਦਰ ਹੋਂਦ ਵਿੱਚ ਆਏ ਸਨ। ਅੱਜ ਵੀ ਅਫ਼ਰੀਕਾ ਵਿੱਚ ਦਰਿਆ ਨੀਲ ਦੇ ਕਿਨਾਰੇ ਵੱਡੀ ਗਿਣਤੀ ਵਿੱਚ ਨਜ਼ਰ ਆ ਰਹੀਆਂ ਝੀਲਾਂ ਇਸ ਗੱਲ ਦੀਆਂ ਪ੍ਰਤੀਕ ਹਨ ਕਿ ਮਹਾਂਦੀਪ ਅਫ਼ਰੀਕਾ ਟੁੱਟ ਰਿਹਾ ਹੈ ਤੇ ਅੱਜ ਤੋਂ ਕਰੋੜਾਂ ਵਰੇ੍ਹ ਬਾਅਦ ਇਹ ਦੋਨੇ ਹਿੱਸੇ ਹਜ਼ਾਰਾਂ ਕਿਲੋਮੀਟਰਾਂ ਦੀ ਵਿੱਥ ਤੇ ਹੋਣਗੇ।

