Site icon Tarksheel Society Bharat (Regd.)

ਹਿਮਾਲਾ ਪਰਬਤ ਕਿਵੇਂ ਹੋਂਦ ਵਿੱਚ ਆਇਆ ?

ਮੇਘ ਰਾਜ ਮਿੱਤਰ

ਜਦੋਂ ਤੁਸੀਂ ਪਹਾੜਾਂ ਦੀ ਯਾਤਰਾ ਤੇ ਜਾਂਦੇ ਹੋ ਤਾਂ ਤੁਹਾਨੂੰ ਵੱਡੇ ਵੱਡੇ ਪੱਥਰ ਦਿਖਾਈ ਦਿੰਦੇ ਹਨ ਜਿਹੜੇ ਤੁਹਾਡੇ ਜਗਿਆਸੂ ਮਨ ਨੂੰ ਘੁੰਮਣ ਘੇਰੀਆਂ ਵਿੱਚ ਪਾ ਦਿੰਦੇ ਹਨ ਅਤੇ ਤੁਸੀਂ ਸੋਚਦੇ ਹੋ ਕਿ ਇਹ ਐਡਾ ਵੱਡਾ ਪੱਥਰ ਇਸ ਸਥਾਨ ਤੇ ਕਿਵੇਂ ਆਇਆ ਹੈ ? ਇਸ ਤਰ੍ਹਾਂ ਜਦੋਂ ਤੁਸੀਂ ਛੋਟੇ ਛੋਟੇ ਪੱਥਰਾਂ ਨੂੰ ਮਿੱਟੀ ਵਿੱਚ ਜੜਿਆ ਵੇਖਦੇ ਹੋ ਤਾਂ ਤੁਹਾਡੇ ਮਨ ਦੀ ਜਗਿਆਸਾ ਹੋਰ ਤੀਬਰ ਹੋ ਜਾਂਦੀ ਹੈ। ਉੱਤਰੀ ਹਿਮਾਚਲ ਪ੍ਰਦੇਸ਼ ਦੇ ਇਲਾਕੇ ਵਿੱਚ ਇਹ ਮਿੱਟੀ ਵਿੱਚ ਜੜੇ ਗੋਲ ਪੱਥਰ ਇਸ ਗੱਲ ਦਾ ਸਬੂਤ ਹਨ ਕਿ ਅੱਜ ਜਿੱਥੇ ਤੁਸੀਂ ਹਿਮਾਲਾ ਪਰਬਤ ਵੇਖ ਰਹੇ ਹੋ ਇਸ ਸਥਾਨ ਤੇ ਪੰਜ ਕਰੋੜ ਵਰੇ ਪਹਿਲਾਂ ਟਾਈਬਸ ਨਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਧਰਤੀ ਦੀ ਤਹਿ ਅੰਦਰ ਪਲੇਟਾਂ ਖਿਸਕਣ ਕਾਰਨ ਹਜ਼ਾਰਾਂ ਜਵਾਲਾ ਮੁਖੀ ਫਟੇ ਸਨ ਤੇ ਵਿਸ਼ਾਲ ਹਿਮਾਲਾ ਸੋਲਾਂ ਕੁ ਹਜ਼ਾਰ ਫੁੱਟ ਦੀ ਔਸਤ ਉਚਾਈ ਪ੍ਰਾਪਤ ਕਰ ਗਿਆ ਸੀ। ਇਸ ਸਮੇਂ ਹੀ ਸਾਰੀ ਦੁਨੀਆਂ ਵਿੱਚ ਕਈ ਥਾਂਈ ਨਵੇਂ ਪਹਾੜ ਹੋਂਦ ਵਿੱਚ ਆਏ ਸਨ। ਭਾਰਤ ਦੀ ਦੱਖਣ ਦੀ ਪਠਾਰ ਤੇ ਐਲਪਸ ਪਹਾੜੀਆਂ ਵੀ ਉਸ ਸਮੇਂ ਦੀ ਹੀ ਪੈਦਾਇਸ਼ ਹਨ। ਅੱਜ ਤੋਂ ਕੋਈ ਡੇਢ ਕੁ ਕਰੋੜ ਸਾਲ ਪਹਿਲਾਂ ਫਿਰ ਹਿਮਾਲਾ ਨੇ ਕਰਵਟ ਲਈ ਅਤੇ ਇਸ ਨਾਲ ਲੱਗਦੀਆਂ ਤਲਹੱਟੀ ਚੱਟਾਨਾਂ ਉਤਾਂਹ ਉੱਠੀਆਂ। ਇਸ ਲਈ ਨਿਮਨ ਹਿਮਾਲਾ ਉਸ ਸਮੇਂ ਹੋਂਦ ਵਿੱਚ ਆਇਆ। ਵੱਡੇ ਹਿਮਾਲਾ ਪਰਬਤ ਦੀਆਂ ਚੱਟਾਨਾਂ ਦੇ ਬਹੁਤ ਸਾਰੇ ਟੁਕੜੇ ਟੁੱਟ ਕੇ ਉਸ ਸਮੇਂ ਨਿਮਨ ਹਿਮਾਲਾ ਵਿੱਚ ਹੀ ਆ ਡਿੱਗੇ ਸਨ। ਅੱਜ ਤੋਂ ਕੋਈ ਤੀਹ ਕੁ ਲੱਖ ਸਾਲ ਪਹਿਲਾਂ ਸ਼ਿਵਾਲਿਕ ਦੀਆਂ ਪਹਾੜੀਆਂ ਹੋਂਦ ਵਿੱਚ ਆਈਆਂ। ਇਹਨਾਂ ਪਹਾੜਾਂ ਵਿੱਚੋਂ ਮਿਲਣ ਵਾਲੀਆਂ ਚੱਟਾਨਾਂ ਤੇ ਪਥਰਾਟ ਉਪਰੋਕਤ ਢੰਗ ਨਾਲ ਪੈਦਾ ਹੋਏ ਹਿਮਾਲਾ ਦੇ ਵੱਖ ਵੱਖ ਭਾਗਾਂ ਦੀ ਪੁਸ਼ਟੀ ਕਰਦੀਆਂ ਹਨ।

Exit mobile version