ਮੇਘ ਰਾਜ ਮਿੱਤਰ
ਧਰਤੀ ਸੂਰਜ ਦੁਆਲੇ ਇੱਕ ਸਾਲ ਵਿੱਚ ਜਿਹੜਾ ਚੱਕਰ ਲਾਉਂਦੀ ਹੈ ਉਸ ਘੇਰੇ ਦੇ ਦੋਹੀਂ ਪਾਸੀ ਸਾਢੇ ਛੇ ਕਰੋੜ ਕਿਲੋਮੀਟਰ ਦੇ ਅੰਦਰ ਅੰਦਰ ਜੀਵ ਜਿਉਂਦੇ ਰਹਿ ਸਕਦੇ ਹਨ। ਮੰਗਲ ਤੇ ਸ਼ੁੱਕਰ ਅਜਿਹੇ ਗ੍ਰਹਿ ਹਨ ਜਿਹੜੇ ਇਸ ਦੂਰੀ ਦੇ ਵਿਚਕਾਰ ਹਨ। ਮੰਗਲ ਇਸ ਚੱਕਰ ਦੇ ਬਾਹਰਲੇ ਕਿਨਾਰੇ ਤੇ ਸਥਿਤ ਹੈ ਤੇ ਸ਼ੁੱਕਰ ਇਸ ਦੇ ਅੰਦਰਲੇ ਕਿਨਾਰੇ ਤੇ ਹੈ ਪਰ ਇਹਨਾਂ ਤੇ ਜੀਵਨ ਨਹੀਂ ਹੈ। ਭਾਵੇਂ ਇਹ ਗ੍ਰਹਿ ਧਰਤੀ ਵਾਲੇ ਤੱਤਾਂ ਨਾਲ ਹੀ ਹੋਂਦ ਵਿੱਚ ਆਏ ਸਨ। ਗ੍ਰਹਿ ਸ਼ੁੱਕਰ ਦੇ ਵਾਯੂਮੰਡਲ ਵਿੱਚ ਨੱਬੇ ਪ੍ਰਤੀਸ਼ਤ ਕਾਰਬਨਡਾਈਆਕਸਾਈਡ ਹੈ ਜੋ ਇਸ ਦੇ ਵਾਯੂਮੰਡਲ ਨੂੰ ਬਹੁਤ ਗਰਮ ਰੱਖਦੀ ਹੈ। ਇਸ ਤਰ੍ਹਾਂ ਇੱਥੇ ਤਾਪਮਾਨ 475 ਦਰਜੇ ਸੈਲਸੀਅਸ ਤੱਕ ਪੁੱਜ ਜਾਂਦਾ ਹੈ। ਐਨੀ ਗਰਮੀ ਵਿੱਚ ਜੀਵਾਂ ਦਾ ਰਹਿਣਾ ਸੰਭਵ ਨਹੀਂ ਹੈ। ਮੰਗਲ ਤੇ ਤਾਪਮਾਨ ਬਹੁਤ ਘੱਟ ਹੈ ਵਾਯੂਮੰਡਲ ਦਾ ਦਬਾਉ ਵੀ ਧਰਤੀ ਦੇ ਦਬਾਉ ਨਾਲੋਂ ਸੌ ਗੁਣਾ ਘੱਟ ਹੈ। ਇਹਨਾਂ ਹਾਲਤਾਂ ਵਿੱਚ ਜੀਵਾਂ ਦਾ ਵਿਕਸਿਤ ਹੋਣਾ ਸੰਭਵ ਨਹੀਂ ਹੈ। ਟੁੰਡਰਾ ਦੇ ਮੈਦਾਨਾਂ ਵਿੱਚੋਂ ਇਕੱਠੇ ਕੀਤੇ ਗਏ ਉਲਕਾ ਪੱਥਰਾਂ ਵਿੱਚੋਂ ਮੰਗਲ ਦਾ ਇੱਕ ਅਜਿਹਾ ਚੱਟਾਨੀ ਟੁਕੜਾ ਵੀ ਮਿਲਿਆ ਹੈ ਜਿਸ ਵਿੱਚੋਂ ਇਸ ਗੱਲ ਦੇ ਪੱਕੇ ਸਬੂਤ ਮਿਲੇ ਹਨ ਕਿ ਮੰਗਲ ਗ੍ਰਹਿ ਉੱਤੇ ਕਿਸੇ ਵੇਲੇ ਜੀਵਨ ਪੈਦਾ ਜ਼ਰੂਰ ਹੋਇਆ ਸੀ। ਪਰ ਕਿਸੇ ਢੰਗ ਨਾਲ ਇਹ ਵਿਕਾਸ ਨਾ ਕਰ ਸਕਿਆ। ਆਉਣ ਵਾਲੇ ਸਮੇਂ ਵਿੱਚ ਇਸ ਸੰਬੰਧੀ ਕੁਝ ਨਵੀਨਤਮ ਖੋਜਾਂ ਉਪਰੋਕਤ ਸਾਰੀ ਜਾਣਕਾਰੀ ਨੂੰ ਵੀ ਝੁਠਲਾ ਸਕਦੀਆਂ ਹਨ। ਇਸ ਢੰਗ ਨਾਲ ਬਾਕੀ ਗ੍ਰਹਿ ਸੂਰਜ ਦੇ ਨੇੜੇ ਹੋਣ ਕਾਰਨ ਬਹੁਤ ਗਰਮ ਜਾਂ ਦੂਰ ਹੋਣ ਕਾਰਨ ਐਨੇ ਠੰਡੇ ਹਨ ਕਿ ਪੌਦੇ ਤੇ ਜੀਵ ਜੰਤੂਆਂ ਦੀ ਇਹਨਾਂ ਉੱਪਰ ਹੋਂਦ ਅਸੰਭਵ ਹੈ।
ਚੰਦਰਮਾ ਧਰਤੀ ਦਾ ਉਪਗ੍ਰਹਿ ਹੈ। ਇਸਦੀ ਖਿੱਚ ਸ਼ਕਤੀ ਇਸਦੇ ਹਲਕੇ ਭਾਰ ਕਾਰਨ ਹੀ ਘੱਟ ਹੈ ਅਤੇ ਇਸ ਲਈ ਇਸ ਗ੍ਰਹਿ ਦੇ ਵਿਕਾਸ ਦੌਰਾਨ ਪੈਦਾ ਹੋਈਆਂ ਗੈਸਾਂ ਇਸ ਉੱਤੇ ਰਹਿ ਨਹੀਂ ਸਕੀਆਂ ਤੇ ਸਿੱਧੀਆਂ ਹੀ ਇਹ ਪੁਲਾੜ ਵਿੱਚ ਖਿੱਲਰ ਗਈਆਂ। ਇਸ ਕਾਰਨ ਚੰਦਰਮਾ ਤੇ ਵੀ ਜੀਵਨ ਨਹੀਂ ਹੈ।
ਸੋ ਅਸੀਂ ਕਹਿ ਸਕਦੇ ਹਾਂ ਕਿ ਧਰਤੀ ਤੇ ਉਪਲਬਧ ਕਾਰਬਨ, ਧਰਤੀ ਦੀ ਸੂਰਜ ਤੋਂ ਦੂਰੀ, ਅਤੇ ਧਰਤੀ ਦਾ ਪੁੰਜ ਹੀ ਅਜਿਹੇ ਕਾਰਨ ਹਨ ਜਿਹੜੇ ਇਸ ਗ੍ਰਹਿ ਤੇ ਜੀਵਾਂ ਨੂੰ ਵਿਕਸਿਤ ਕਰਨ ਲਈ ਅਤੀ ਜ਼ਰੂਰੀ ਹਨ। ਸੋ ਕਿਸੇ ਗ੍ਰਹਿ ਤੇ ਜੀਵਨ ਹੋਣ ਲਈ ਤਿੰਨ ਸ਼ਰਤਾਂ ਅਤੀ ਜ਼ਰੂਰੀ ਹਨ। ਇਹ ਸ਼ਰਤਾਂ ਕਾਰਬਨ ਵਰਗੇ ਕ੍ਰਿਆਸ਼ੀਲ ਤੱਤ ਦੀ ਮੌਜੂਦਗੀ ਆਪਣੇ ਤਾਰੇ ਤੋਂ ਯੋਗ ਦੂਰੀ ਤੇ ਖਾਸ ਪੁੰਜ। ਜੋ ਗ੍ਰਹਿ ਜਾਂ ਉਪ ਗ੍ਰਹਿ ਇਹ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਇਹਨਾਂ ਤੇ ਕਿਸੇ ਨੇ ਕਿਸੇ ਵੇਲੇ ਜੀਵਨ ਦੀ ਸੰਭਾਵਨਾ ਹੁੰਦੀ ਹੈ।

