ਮੇਘ ਰਾਜ ਮਿੱਤਰ
ਦੱਖਣੀ ਅਫ਼ਰੀਕਾ ਵਿੱਚੋਂ ਮਿਲੀਆਂ ਤਿੰਨ ਸੌ ਚਾਲੀ ਕਰੋੜ ਸਾਲ ਪੁਰਾਣੀਆਂ ਚੱਟਾਨਾਂ ਦੇ ਟੁਕੜਿਆਂ ਨੂੰ ਜਦੋਂ ਖੁਰਦਬੀਨ ਨਾਲ ਵੇਖਿਆ ਗਿਆ ਤਾਂ ਇਸ ਵਿੱਚੋਂ ਬੈਕਟੀਰੀਆ ਦੇ ਅਵਸ਼ੇਸ਼ ਮਿਲੇ ਹਨ। ਇਸਦਾ ਭਾਵ ਹੈ ਕਿ ਅੱਜ ਤੋਂ ਤਿੰਨ ਸੌ ਚਾਲੀ ਕਰੋੜ ਸਾਲ ਪਹਿਲਾਂ ਜਿਉਂਦੀਆਂ ਚੀਜ਼ਾਂ ਇਸ ਧਰਤੀ ਤੇ ਵਿਚਰਨ ਲੱਗ ਪਈਆਂ ਸਨ। ਸੁਆਲ ਇਹ ਪੈਦਾ ਹੁੰਦਾ ਹੈ ਕਿ ਇਹ ਬੈਕਟੀਰੀਆ ਜਾਂ ਪਹਿਲਾ ਜੀਵਤ ਸੈੱਲ ਕਿਵੇਂ ਹੋਂਦ ਵਿੱਚ ਆਇਆ?
ਰੂਸ ਦੇ ਵਿਗਿਆਨਕ ਉਪੇਰਿਨ ਨੇ ਸੰਨ 1924 ਵਿੱਚ ਇਹ ਸਿਧਾਂਤ ਪੇਸ਼ ਕੀਤਾ ਸੀ ਕਿ ਗਰਮ ਧਰਤੀ ਦੇ ਵਾਯੂਮੰਡਲ ਵਿੱਚ ਹਾਈਡੋ੍ਰਜਨ ਮਿਥੇਨ ਤੇ ਅਮੋਨੀਆ ਜਿਹੀਆਂ ਗੈਸਾਂ ਹੋਂਦ ਵਿੱਚ ਆ ਗਈਆਂ ਸਨ। ਇਹਨਾਂ ਗੈਸਾਂ ਵਿੱਚ ਅਸਮਾਨੀ ਬਿਜਲੀ ਦੇ ਡਿਸਚਾਰਜ ਕਾਰਨ ਕਾਰਬਨਿਕ ਪਦਾਰਥ ਬਣਦੇ ਰਹੇ ਤੇ ਇਹ ਗਰਮ ਪਾਣੀ ਵਿੱਚ ਘੁਲ ਕੇ ਧਰਤੀ ਤੇ ਡਿੱਗਦੇ ਰਹੇ। ਇਸ ਤਰ੍ਹਾਂ ਹਜ਼ਾਰਾਂ ਸਾਲਾਂ ਵਿੱਚ ਧਰਤੀ ਦੇ ਸਮੁੰਦਰਾਂ ਵਿੱਚ ਇੱਕ ਲੈਸਲਾ ਪਦਾਰਥ ਜਮ੍ਹਾ ਹੋ ਗਿਆ। ਇਹ ਲੈਸਲਾ ਪਦਾਰਥ ਹੀ ਸੀ ਜੋ ਬਾਅਦ ਵਿੱਚ ਜੀਵਨ ਲਈ ਲੋੜੀਂਦੇ ਨਿਊਕਲੀ ਪ੍ਰੋਟੀਨ ਵਿੱਚ ਬਦਲ ਗਿਆ। ਸੋ ਇਸ ਤਰ੍ਹਾਂ ਪਹਿਲਾਂ ਜੀਵਤ ਸੈੱਲ ਹੋਂਦ ਵਿੱਚ ਆ ਗਿਆ। ਅਮਰੀਕਾ ਦੇ ਇੱਕ ਵਿਗਿਆਨਕ ਸਟਾਨਲੇ ਮਿੱਲਰ ਨੇ ਇਸ ਸਿਧਾਂਤ ਨੂੰ ਬੜੇ ਹੀ ਦਿਲਚਸਪ ਪ੍ਰਯੋਗ ਰਾਹੀਂ ਸਿੱਧ ਕਰਕੇ ਵਿਖਾ ਦਿੱਤਾ। ਉਸਨੇ ਇੱਕ ਖਾਲੀ ਜਾਰ ਵਿੱਚ ਅਮੋਨੀਆ, ਮੀਥੇਨ, ਹਾਈਡੋ੍ਰਜਨ ਤੇ ਪਾਣੀ ਦੇ ਮਿਸ਼ਰਣ ਵਿੱਚੋਂ ਬਿਜਲੀ ਲੰਘਾ ਕੇ ਵੇਖਿਆ ਕਿ ਆਰਗੇਨਕ ਪਦਾਰਥਾਂ ਦੇ ਅਣੂਆਂ ਦੀਆਂ ਲੜੀਆਂ ਬਣ ਗਈਆਂ ਜਿਹਨਾਂ ਵਿੱਚ ਜੀਵਨ ਲਈ ਲੋੜੀਂਦੇ ਨਿਊਕਲੀ ਪ੍ਰੋਟੀਨ ਵੀ ਸ਼ਾਮਿਲ ਸਨ। ਇਸ ਤਰ੍ਹਾਂ ਹੀ ਇਸ ਯੁੱਗ ਦੇ ਵਾਯੂਮੰਡਲ ਵਿੱਚ ਵਾਪਰਦਾ ਰਿਹਾ ਸੀ। ਆਕਾਸ਼ੀ ਬਿਜਲੀ, ਪੁਲਾੜ ਵਿੱਚ ਇਹਨਾਂ ਚਾਰਾਂ ਪਦਾਰਥਾਂ ਪਾਣੀ, ਹਾਈਡੋ੍ਰਜਨ ਮਿਥੇਨ ਤੇ ਅਮੋਨੀਆ ਵਿੱਚੋਂ ਲੰਘਦੀ ਰਹੀ ਤੇ ਇਹ ਪਦਾਰਥ ਨਿਊਕਲੀ ਪ੍ਰੋਟੀਨ ਬਣਕੇ ਸਮੁੰਦਰ ਵਿੱਚ ਜਮ੍ਹਾਂ ਹੁੰਦੇ ਰਹੇ। ਹੌਲੀ ਹੌਲੀ ਇਹਨਾਂ ਪਦਾਰਥਾਂ ਵਿੱਚ ਜੀਵਨ ਪ੍ਰਗਟ ਹੋ ਗਿਆ। ਕਾਰਬਨ ਤੱਤ ਵਿੱਚ ਲੰਬੀਆਂ ਅਣੂ ਲੜੀਆਂ ਬਣਾਉਣ ਦੀ ਯੋਗਤਾ ਹੁੰਦੀ ਹੈ। ਸੋ ਇਹ ਤੱਤ ਹੀ ਸਾਡੇ ਜੀਵਨ ਦਾ ਆਧਾਰ ਬਣਿਆ।

