ਮੇਘ ਰਾਜ ਮਿੱਤਰ
ਜੀਵਨ ਕੀ ਹੈ ?
ਵਾਇਰਸ ਜਦੋਂ ਕਿਸੇ ਜੀਵ ਪੌਦੇ ਜਾਂ ਮਨੁੱਖ ਦੇ ਸੰਪਰਕ ਵਿੱਚ ਆ ਜਾਂਦਾ ਹੈ ਤਾਂ ਉਹ ਜਿਉਂਦਾ ਹੋ ਜਾਂਦਾ ਹੈ ਤੇ ਵੱਧਦਾ ਫੁਲਦਾ ਹੈ। ਆਪਣੇ ਵਰਗੇ ਹੋਰ ਜੀਵ ਪੈਦਾ ਕਰਦਾ ਅਤੇ ਆਲੇ ਦੁਆਲੇ ਅਨੁਸਾਰ ਆਪਣੇ ਆਪ ਨੂੰ ਢਾਲਣ ਆਦਿ ਦੀਆਂ ਜੀਵਤ ਕ੍ਰਿਆਵਾਂ ਸ਼ੁਰੂ ਕਰ ਦਿੰਦਾ ਹੈ। ਪਰ ਜਦੋਂ ਇਹਨਾਂ ਚੀਜ਼ਾਂ ਦੇ ਸੰਪਰਕ ਵਿੱਚ ਨਹੀਂ ਹੁੰਦਾ ਤਾਂ ਉਹ ਇਹ ਜੀਵਤ ਕਿਰਿਆਵਾਂ ਨਹਂੀਂ ਕਰਦੇ ਇਸ ਲਈ ਵਾਇਰਸ ਨੂੰ ਜੀਵ ਤੇ ਨਿਰਜੀਵ ਚੀਜ਼ਾਂ ਦੇ ਵਿਚਕਾਰਲੀ ਰੇਖਾ ਤੇ ਰੱਖਿਆ ਜਾਂਦਾਹੈ।
ਪੁਰਾਣੇ ਸਮਿਆਂ ਤੋਂ ਜ਼ਿੰਦਗੀ ਬਾਰੇ ਦੋ ਧਾਰਨਾਵਾਂ ਪ੍ਰਚਲਤ ਹਨ। ਪਹਿਲੀ ਧਾਰਨਾ ਅਨੁਸਾਰ ਜ਼ਿੰਦਗੀ ਉਸ ‘ਸਰਬ ਸ਼ਕਤੀਮਾਨ ਪ੍ਰਮਾਤਮਾ’ ਦੀ ਦੇਣ ਹੈ ਤੇ ਇਸ ਵਿੱਚ ਆਤਮਾ ਹੁੰਦੀ ਹੈ। ਜਿੰਨੀ ਦੇਰ ਸਰੀਰ ਵਿੱਚ ਆਤਮਾ ਬਰਕਰਾਰ ਰਹਿੰਦੀ ਹੈ ਸਰੀਰ ਜਿਉਂਦਾ ਰਹਿੰਦਾ ਹੈ। ਜਦੋਂ ਆਤਮਾ ਆਪਣਾ ਘਰ ਛੱਡ ਜਾਂਦੀ ਹੈ ਤਾਂ ਸਰੀਰ ਦੀ ਮੌਤ ਹੋ ਜਾਂਦੀ ਹੈ। ਸਰੀਰ ਵਿੱਚ ਆਤਮਾ ਹੀ ਹੁੰਦੀ ਹੈ ਜੋ ਸਰੀਰ ਤੋਂ ਸਾਰੀਆਂ ਕ੍ਰਿਆਵਾਂ ਕਰਵਾਉਂਦੀ ਹੈ।
ਦੂਸਰੀ ਧਾਰਨਾ ਅਨੁਸਾਰ ਸਾਰੀਆਂ ਜੀਵਤ ਵਸਤੂਆਂ ਨਿੱਕੇ ਨਿੱਕੇ ਸੈੱਲਾਂ ਤੋਂ ਬਣੀਆਂ ਹੁੰਦੀਆਂ ਹਨ। ਸੈੱਲਾਂ ਵਿੱਚ ਜੀਵ ਰਸ ਹੁੰਦਾ ਹੈ। ਜੀਵਤ ਵਸਤੂਆਂ ਦੇ ਇਸ ਜੀਵ ਰਸ ਵਿੱਚ ਬਹੁਤ ਸਾਰੀਆਂ ਜੈਵਿਕ ਰਸਾਇਣਕ ਕ੍ਰਿਆਵਾਂ ਵਾਪਰਦੀਆਂ ਰਹਿੰਦੀਆਂ ਹਨ। ਇਹਨਾਂ ਜੈਵਿਕ ਤੇ ਰਸਾਇਣਕ ਕ੍ਰਿਆਵਾਂ ਕਾਰਨ ਹੀ ਜੀਵਤ ਵਸਤੂਆਂ ਵਿੱਚ ਹਿਲਜੁਲ ਹੁੰਦੀ ਹੈ। ਪੌਦੇ ਵੀ ਜਾਨਦਾਰ ਵਸਤੂਆਂ ਹਨ। ਇਹ ਸਾਧਾਰਣ ਹਾਲਤ ਵਿੱਚ ਸਾਨੂੰ ਗਤੀ ਕਰਦੇ ਨਜ਼ਰ ਨਹੀਂ ਆਉਂਦੇ ਪਰ ਜੇ ਧਿਆਨ ਨਾਲ ਇਹਨਾਂ ਦਾ ਅਧਿਐਨ ਕੀਤਾ ਜਾਵੇ ਤਾਂ ਇਹਨਾਂ ਦੁਆਰਾ ਕੀਤੀ ਹਿਲਜੁਲ ਸਾਨੂੰ ਸਪਸ਼ਟ ਨਜ਼ਰ ਆਵੇਗੀ। ਜੇ ਅਸੀਂ ਸੂਰਜਮੁਖੀ ਦੇ ਪੌਦੇ ਨੂੰ ਵੇਖੀਏ ਤਾਂ ਇਹ ਸੂਰਜ ਵੱਲ ਆਪਣੇ ਮੁਖ ਨੂੰ ਮੋੜਦਾ ਨਜ਼ਰ ਆਵੇਗਾ। ਪੌਦਿਆਂ ਵਿਚਲੀ ਹਰਕਤ ਨੂੰ ਵੇਖਣ ਲਈ ਅਸੀਂ ਇੱਕ ਹੋਰ ਪ੍ਰਯੋਗ ਵੀ ਕਰ ਸਕਦੇ ਹਾਂ। ਜੇ ਅਸੀਂ ਇਕ ਬੂਟੇ ਨੂੰ ਲੈ ਲਈਏ ਤੇ ਇਸ ਨੂੰ ਗਮਲੇ ਸਮੇਤ ਹੀ ਛੱਤ ਨਾਲ ਉਲਟਾ ਕਰਕੇ ਲਟਕਾ ਦਿੰਦੇ ਹਾਂ ਤਾਂ ਕੁਝ ਦਿਨ ਬਾਅਦ ਅਸੀਂ ਵੇਖਾਂਗੇ ਕਿ ਇਸ ਬੂਟੇ ਨੇ ਆਪਣਾ ਟੂਸਾ ਉੱਪਰ ਆਕਾਸ਼ ਵੱਲ ਨੂੰ ਮੋੜਣਾ ਸ਼ੁਰੂ ਕਰ ਦਿੱਤਾ ਹੈ। ਜੀਵਤ ਵਸਤੂਆਂ ਵਿੱਚ ਉਪਰੋਕਤ ਕਿਸਮ ਦੀਆਂ ਸਾਰੀਆਂ ਹਰਕਤਾਂ ਉਹਨਾਂ ਦੇ ਜੀਵ ਰਸ ਵਿੱਚ ਹੋ ਰਹੀਆਂ ਰਸਾਇਣਕ ਕ੍ਰਿਆਵਾਂ ਕਾਰਨ ਪੈਦਾ ਹੋ ਰਹੀ ਊਰਜਾ ਕਰਕੇ ਹੁੰਦੀਆਂ ਹਨ। ਜੀਵਤ ਵਸਤੂਆਂ ਵਿੱਚ ਵਾਧਾ ਤੇ ਵਿਕਾਸ ਇੱਕ ਯੋਜਨਾਬੱਧ ਢੰਗ ਨਾਲ ਹੀ ਵਾਪਰਦਾ ਹੈ। ਜੀਵ ਆਪਣੇ ਆਲੇ ਦੁਆਲੇ ਦੀਆਂ ਹਾਲਤਾਂ ਨਾਲ ਸੰਘਰਸ਼ ਕਰਦੇ ਹਨ। ਸਿੱਟੇ ਵਜੋਂ ਉਹਨਾਂ ਵਿੱਚ ਚੇਤਨਾ ਪੈਦਾ ਹੁੰਦੀ ਹੈ ਅਤੇ ਵਧਦੀ ਹੈ। ਸਾਰੀਆਂ ਹੀ ਜਿਉਂਦੀਆਂ ਚੀਜ਼ਾਂ ਆਪਣੇ ਵਰਗੇ ਹੋਰ ਜੀਵਾਂ ਨੂੰ ਜਨਮ ਦਿੰਦੀਆਂ ਹਨ। ਕੁਝ ਨਿਸ਼ਚਿਤ ਸਮੇਂ ਬਾਅਦ ਇਹ ਜੀਵਤ ਵਸਤੂਆਂ ਆਪਣਾ ਜੀਵਨ ਚੱਕਰ ਖਤਮ ਕਰ ਲੈਂਦੀਆਂ ਹਨ।
ਧਰਤੀ ਤੇ ਜੀਵਨ ਦੇ ਮੁੱਢ ਸੰਬੰਧੀ ਵੱਖ ਵੱਖ ਵਿਚਾਰ
ਧਰਤੀ ਤੇ ਜੀਵਨ ਕਿਵੇਂ ਸ਼ੁਰੂ ਹੋਇਆ ? ਇਸ ਬਾਰੇ ਚਾਰ ਕਿਸਮ ਦੇ ਮੁੱਖ ਵਿਚਾਰ ਹਨ।
1. ਜ਼ਿੰਦਗੀ ਕਿਸੇ ਖਾਸ ‘‘ਸਿਰਜਣਹਾਰੇ ਨੇ ਸਿਰਜੀ’’
2. ਜਿਉਂਦੀਆਂ ਚੀਜ਼ਾਂ ਹਮੇਸ਼ਾ ਹੀ ਧਰਤੀ ਤੇ ਮੌਜੂਦ ਸਨ।
3. ਸਾਡੇ ਵੱਡ ਵਡੇਰੇ ਕਿਸੇ ਹੋਰ ਗ੍ਰਹਿ ਤੋਂ ਧਰਤੀ ਤੇ ਆਏ।
4. ਬੀਤੇ ਸਮੇਂ ਵਿੱਚ ਜ਼ਿੰਦਗੀ ਨਿਰਜੀਵ ਤੋਂ ਸਜੀਵ ਵੱਲ ਆਈ।
ਪਹਿਲੇ ਵਿਚਾਰ ਨੂੰ ਰੱਦ ਕਰਨ ਲਈ ਸਾਡੇ ਪਾਸ ਬੇਸ਼ੁਮਾਰ ਦਲੀਲਾਂ ਹਨ। ਪਰ ਅਸੀਂ ਇਸਨੂੰ ਸੰਖੇਪ ਵਿੱਚ ਹੀ ਦਰਸਾਉਣਾ ਹੈ ਸੋ ਅਸੀਂ ਆਖ ਸਕਦੇ ਹਾਂ ਕਿ ਜੇ ‘‘ਸਿਰਜਣਹਾਰੇ’’ਨੇ ਹੀ ਜ਼ਿੰਦਗੀ ਦੀ ਸਿਰਜਣਾ ਕਰਨੀ ਹੁੰਦੀ ਤਾਂ ਉਸਨੇ ਚੰਦਰਮਾ, ਮੰਗਲ ਜਾਂ ਬ੍ਰਹਿਸਪਤੀ ਤੇ ਜ਼ਿੰਦਗੀ ਦੇ ਅੰਸ਼ ਕਿਉਂ ਨਹੀਂ ਪੈਦਾ ਕੀਤੇ। ਜਾਂ ਉਸਨੇ ਧਰਤੀ ਤੇ ਹੀ ਜੀਵਾਂ ਨੂੰ ਨਸ਼ਟ ਕਰਨ ਲਈ ਭੂਚਾਲ ਅਤੇ ਹੜ੍ਹ ਆਦਿ ਪੈਦਾ ਨਾ ਕੀਤੇ ਹੁੰਦੇ।
ਦੂਸਰੇ ਵਿਚਾਰ ਨੂੰ ਜੇ ਸੱਚ ਮੰਨ ਲਿਆ ਜਾਏ ਤਾਂ ਜਦੋਂ ਧਰਤੀ ਤਪਦਾ ਲਾਲ ਗੋਲਾ ਸੀ ਉਸ ਸਮੇਂ ਜਿਉਂਦੀਆਂ ਵਸਤੂਆਂ ਕਿੱਥੇ ਸਨ।
ਤੀਸਰੇ ਵਿਚਾਰ ਨੂੰ ਰੱਦ ਕਰਨ ਲਈ ਅਸੀਂ ਪੁੱਛ ਸਕਦੇ ਹਾਂ ਕਿ ਜੇ ਸਾਡੇ ਵੱਡ ਵਡੇਰੇ ਕਿਸੇ ਹੋਰ ਗ੍ਰਹਿ ਤੋਂ ਆਏ ਹਨ ਤਾਂ ਬਾਕੀ ਜੀਵ ਜੰਤੂ ਕਿੱਥੋਂ ਧਰਤੀ ਤੇ ਆ ਬਿਰਾਜਮਾਨ ਹੋਏ ?
ਚੌਥੇ ਵਿਚਾਰ ਨੂੰ ਅਸੀਂ ਸਹੀ ਮੰਨ ਕੇ ਚੱਲਦੇ ਹਾਂ ਕਿ ਜ਼ਿੰਦਗੀ ਨਿਰਜੀਵ ਤੋਂ ਸਜੀਵ ਵੱਲ ਆਈ ਹੈ। ਪਰ ਇਸ ਗੱਲ ਲਈ ਅਸੀਂ ਆਪਣਾ ਪੱਖ ਪੇਸ਼ ਕਰਨ ਤੋਂ ਪਹਿਲਾਂ ਵੇਖਦੇ ਹਾਂ ਕਿ ਮਨੁੱਖੀ ਸਰੀਰ ਦੀ ਜਾਂ ਸਜੀਵ ਵਸਤੂਆਂ ਦੀ ਬਣਤਰ ਕੀ ਹੈ ?

