ਮੇਘ ਰਾਜ ਮਿੱਤਰ
ਅੱਜ ਵਿਗਿਆਨੀਆਂ ਪਾਸ ਸੈਂਕੜੇ ਅਜਿਹੇ ਸਬੂਤ ਹਨ ਜਿਹੜੇ ਜੀਵਾਂ ਵਿੱਚ ਹੋਏ ਵਿਕਾਸ ਦੀ ਪੁਸ਼ਟੀ ਕਰਦੇ ਹਨ। ਆਉ ਇਹਨਾਂ ਸਬੂਤਾਂ ਵਿੱਚੋਂ ਕੁਝ ਦੀ ਚਰਚਾ ਕਰੀਏ।
ਬਣਤਰ ਸਮਾਨ, ਕੰਮ ਅੱਡ ਅੱਡ
ਜਾਨਵਰਾਂ ਦੀਆਂ ਵੱਖ ਜਾਤੀਆਂ ਵਿੱਚ ਬਹੁਤ ਸਾਰੇ ਅੰਗ ਅਜਿਹੇ ਹੁੰਦੇ ਹਨ ਜਿਹਨਾਂ ਦੀ ਮੂਲ ਬਣਤਰ ਤਾਂ ਇੱਕੋ ਜਿਹੀ ਹੁੰਦੀ ਹੈ ਪਰ ਕੰਮ ਅੱਡ ਅੱਡ ਹੁੰਦੇ ਹਨ। ਮੱਛੀਆਂ ਦੇ ਫਰ, ਚਮਗਿੱਦੜਾਂ ਦੇ ਪਰ, ਘੋੜੇ ਦੀਆਂ ਮੂਹਰਲੀਆਂ ਲੱਤਾਂ ਅਤੇ ਮਨੁੱਖ ਦੀਆਂ ਬਾਹਾਂ ਇਹਨਾਂ ਸਭ ਜੀਵਾਂ ਦੇ ਇਹਨਾਂ ਅੰਗਾਂ ਦੀ ਬਣਤਰ ਸਮਾਨ ਹੁੰਦੀ ਹੈ। ਇਹਨਾਂ ਸਾਰਿਆਂ ਦੇ ਪੱਟ ਵਿੱਚ ਇੱਕ ਹੱਡੀ, ਲੱਤ ਦੀਆਂ ਦੋ ਹੱਡੀਆਂ ਤੇ ਪੈਰ ਦੀਆਂ ਪੰਜ ਉਂਗਲਾਂ ਦੀਆਂ ਹੱਡੀਆਂ ਸਮਾਨ ਹੁੰਦੀਆਂ ਹਨ। ਹੱਡੀਆਂ ਦੀ ਬਣਤਰ ਵਿੱਚ ਪਾਏ ਜਾਣ ਵਾਲੇ ਪਦਾਰਥ ਵੀ ਲਗਭੱਗ ਇੱਕੋ ਜਿਹੇ ਹੀ ਹੁੰਦੇ ਹਨ। ਭਾਵੇਂ ਇਹ ਸਾਰੇ ਜੀਵ ਆਪਣੇ ਇਹਨਾਂ ਅੰਗਾਂ ਤੋਂ ਅਲੱਗ ਅਲੱਗ ਕੰਮ ਲੈਂਦੇ ਹਨ। ਮੱਛੀਆਂ ਆਪਣੇ ਫਰਾਂ ਨਾਲ ਤੈਰਦੀਆਂ ਹਨ, ਚਮਗਿੱਦੜ ਆਪਣੇ ਪਰਾਂ ਨਾਲ ਉੱਡਦੇ ਹਨ, ਘੋੜੇ ਆਪਣੀਆਂ ਲੱਤਾਂ ਨਾਲ ਦੌੜਦੇ ਹਨ ਤੇ ਮਨੁੱਖ ਆਪਣੀਆਂ ਬਾਹਾਂ ਨਾਲ ਸੰਦਾਂ ਨੂੰ ਫੜਦਾ ਹੈ। ਇਸ ਤਰ੍ਹਾਂ ਇਹਨਾਂ ਅੰਗਾਂ ਦੀ ਬਣਤਰ ਵਿੱਚਲੀ ਇਕਸਾਰਤਾ ਸਾਨੂੰ ਇਹਨਾਂ ਦੇ ਵੱਡ ਵਡੇਰਿਆਂ ਵਿੱਚ ਨੇੜਤਾ ਦਾ ਪ੍ਰਗਟਾਵਾ ਕਰਦੀ ਹੈ। ਮੱਛੀਆਂ, ਚਮਗਿੱਦੜਾਂ, ਘੋੜਿਆਂ ਤੇ ਮਨੁੱਖਾਂ ਦੇ ਇਹਨਾਂ ਅੰਗਾਂ ਦੀ ਇੱਕੋ ਜਿਹੀ ਬਣਤਰ ਦਰਸਾਉਂਦੀ ਹੈ ਕਿ ਲੱਖਾਂ ਵਰੇ੍ਹ ਪਹਿਲਾਂ ਇਹਨਾਂ ਦੇ ਪੂਰਵਜ ਇੱਕੋ ਹੀ ਸਨ। ਹੌਲੀ ਹੌਲੀ ਸਮੇਂ ਦੇ ਫੇਰ ਬਦਲ ਅਤੇ ਅੱਡ ਅੱਡ ਵਾਤਾਵਰਣ ਨੇ ਵੱਡ ਵਡੇਰਿਆਂ ਦੀ ਇੱਕੋ ਸੰਤਾਨ ਨੂੰ ਮੱਛੀਆਂ, ਚਮਗਿੱਦੜਾਂ ਘੋੜਿਆਂ ਤੇ ਮਨੁੱਖਾਂ ਵਿੱਚ ਬਦਲ ਦਿੱਤਾ ਹੈ। ਮਟਰ, ਸੇਮ ਤੇ ਛੋਲਿਆਂ ਦੇ ਲੱਛਣ ਵੀ ਇਹਨਾਂ ਦੇ ਇੱਕੋ ਪੂਰਵਜ ਤੋਂ ਹੋਏ ਵਿਕਾਸ ਦੇ ਸੂਚਕ ਹਨ।
ਕੰਮ ਸਮਾਨ, ਬਣਤਰ ਵੱਖ ਵੱਖ
ਬਹੁਤ ਸਾਰੇ ਜੀਵਾਂ ਦੀਆਂ ਅਲੱਗ ਅਲੱਗ ਜਾਤੀਆਂ ਵਿੱਚ ਕੁਝ ਅੰਗ ਕੰਮ ਇਕੋ ਜਿਹਾ ਕਰਦੇ ਵਿਖਾਈ ਦਿੰਦੇ ਹਨ ਪਰ ਉਹਨਾਂ ਦੀ ਅੰਦਰਲੀ ਬਣਤਰ ਬਿਲਕੁਲ ਹੀ ਅਲੱਗ ਹੁੰਦੀ ਹੈ। ਸਿੱਟੇ ਵਜੋਂ ਇਹਨਾਂ ਦੇ ਮੁੱਢ ਵੀ ਵੱਖ ਵੱਖ ਹੁੰਦੇ ਹਨ। ਜਿਵੇਂ ਤਿਤਲੀ, ਕਬੂਤਰ ਤੇ ਚਮਗਿੱਦੜ ਦੇ ਖੰਭ ਇੱਕੋ ਕੰਮ ਉੱਡਣ ਦਾ ਕਰਦੇ ਹਨ ਪਰ ਜੇ ਇਹਨਾਂ ਤਿੰਨਾਂ ਦੇ ਖੰਭਾਂ ਦੀ ਅੰਦਰੂਨੀ ਬਣਤਰ ਨੂੰ ਵੇਖੀਏ ਤਾਂ ਇਹ ਇਹਨਾਂ ਦੇ ਵੱਖੋ ਵੱਖਰੇ ਪੂਰਵਜਾਂ ਤੋਂ ਹੋਏ ਵਿਕਾਸ ਦੀ ਪੁਸ਼ਟੀ ਕਰਦੀ ਹੈ। ਇਸ ਤਰ੍ਹਾਂ ਇਹ ਅੰਗ ਵੀ ਜੀਵ ਵਿਕਾਸ ਵਿੱਚ ਕਾਫ਼ੀ ਮਹੱਤਵਪੂਰਣ ਹੁੰਦੇ ਹਨ। ਭਾਵੇਂ ਇਹ ਜੀਵਾਂ ਦੀ ਇੱਕ ਸ਼ੇ੍ਰਣੀ ਨੂੰ ਦੂਜੀ ਤੋਂ ਨਿਖੇੜਨ ਦਾ ਹੀ ਕੰਮ ਕਰਦੇ ਹਨ।
ਬੇਲੋੜੇ ਅੰਗ
ਜੀਵਾਂ ਵਿੱਚ ਬਹੁਤ ਸਾਰੇ ਅੰਗ ਅਜਿਹੇ ਹੁੰਦੇ ਹਨ ਜਿਹਨਾਂ ਦੀ ਕਿਸੇ ਬੀਤੇ ਸਮੇਂ ਵਿੱਚ ਜੀਵਾਂ ਨੂੰ ਅਤਿਅੰਤ ਲੋੜ ਹੁੰਦੀ ਸੀ ਪਰ ਅੱਜ ਦੀਆਂ ਬਦਲੀਆਂ ਹੋਈਆਂ ਪ੍ਰਸਥਿਤੀਆਂ ਵਿੱਚ ਜੀਵਾਂ ਨੂੰ ਇਹਨਾਂ ਦੀ ਲੋੜ ਨਹੀਂ ਹੈ। ਮਨੁੱਖ ਦੀ ਰੀੜ ਦੀ ਹੱਡੀ ਦੇ ਹੇਠਲੇ ਪਾਸੇ ਮਿਲਣ ਵਾਲੇ ਪੂਛ ਦੇ ਮਣਕੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਮਨੁੱਖ ਦਾ ਵਿਕਾਸ ਅਜਿਹੇ ਜਾਨਵਰਾਂ ਤੋਂ ਹੋਇਆ ਹੈ ਜਿਹੜੇ ਪੂਛ ਰੱਖਦੇ ਸਨ। ਜਿਉਂ ਹੀ ਮਨੁੱਖ ਨੇ ਆਪਣੇ ਹੱਥਾਂ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ ਤਾਂ ਪੂਛ ਬੇਲੋੜੀ ਹੋ ਗਈ। ਹੌਲੀ ਹੌਲੀ ਘਟਦੀ ਘਟਦੀ ਇਹ ਅਲੋਪ ਹੋ ਗਈ। ਪਰ ਆਪਣੀ ਹੋਂਦ ਦੇ ਸਬੂਤ ਇਹ ਅਜੇ ਤੱਕ ਖਤਮ ਨਹੀਂ ਕਰ ਸਕੀ ਹੈ। ਕੁਝ ਹੋਰ ਸਦੀਆਂ ਤੱਕ ਮਨੁੱਖ ਦੇ ਵਿਕਾਸ ਨੇ ਪੂਛ ਦੀ ਇਸ ਰਹਿੰਦੀ ਨਿਸ਼ਾਨੀ ਨੂੰ ਵੀ ਅਲੋਪ ਕਰ ਦੇਣਾ ਹੈ। 1987 ਦੇ ਅੱਧ `ਚ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਰਾਜਿੰਦਰਾ ਹਸਪਤਾਲ ਵਿਖੇ ਇੱਕ ਅਜਿਹੇ ਬੱਚੇ ਨੇ ਜਨਮ ਲਿਆ ਸੀ ਜਿਸਦੇ ਅੱਠ ਸੈ: ਮੀ: ਲੰਮੀ ਪੂਛ ਸੀ। ਡਾਕਟਰਾਂ ਨੇ ਉਪਰੇਸ਼ਨ ਰਾਹੀਂ ਇਹ ਪੂਛ ਕੱਟ ਦਿੱਤੀ। ਇਸ ਤਰ੍ਹਾਂ ਅਜਿਹੇ ਅਲੋਪ ਹੋਏ ਅੰਗਾਂ ਦੀ ਪੁਨਰ ਸੁਰਜੀਤੀ ਵੀ ਕਦੀ ਕਦੀ ਦੇਖਣ ਨੂੰ ਮਿਲ ਜਾਂਦੀ ਹੈ। ਇਕੱਲੇ ਮਨੁੱਖੀ ਸਰੀਰ ਵਿੱਚ ਅਜਿਹੇ ਬੋਲੋੜੇ ਅੰਗਾਂ ਦੀ ਗਿਣਤੀ ਇੱਕ ਸੌ ਤੋਂ ਵੱਧ ਹੁੰਦੀ ਹੈ। ਮਨੁੱਖ ਦੇ ਪੇਟ ਵਿੱਚ ਇੱਕ ਉਪਾਂਦਰ ਹੁੰਦੀ ਹੈ ਇਸ ਨੂੰ ਅਪੈਂਡਿਕਸ ਉਪਾਂਦਰ ਵੀ ਕਿਹਾ ਜਾਂਦਾ ਹੈ। ਕਿਉਂਕਿ ਇਹ ਫੁੱਲ ਕੇ ਤੇਜ਼ ਦਰਦ ਕਰਦੀ ਹੈ ਅਤੇ ਉਪਰੇਸ਼ਨ ਰਾਹੀਂ ਕਢਵਾਉਣੀ ਪੈਂਦੀ ਹੈ। ਕਈ ਵਾਰ ਇਹ ਫਟ ਜਾਂਦੀ ਹੈ ਤੇ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਪਰ ਕੋਈ ਸਮਾਂ ਸੀ ਜਦੋਂ ਇਹ ਉਸ ਯੁੱਗ ਦੇ ਮਨੁੱਖ ਲਈ ਬਹੁਤ ਜ਼ਰੂਰੀ ਅੰਗ ਸੀ। ਇਹ ਮਨੁੱਖ ਦੁਆਰਾ ਖਾਧੇ ਗਏ ਘਾਹ ਫੂਸ ਨੂੰ ਹਜ਼ਮ ਕਰਦੀ ਸੀ। ਇਸ ਤਰ੍ਹਾਂ ਹੀ ਪੁਰਸ਼ਾਂ ਵਿੱਚ ਛਾਤੀ ਤੇ ਪਾਈਆਂ ਜਾਣ ਵਾਲੀਆਂ ਦੁੱਧ ਗਰੰਥੀਆਂ ਵੀ ਕੋਈ ਕੰਮ ਨਹੀਂ ਕਰਦੀਆਂ। ਮਨੁੱਖੀ ਦੰਦਾਂ ਵਿੱਚ ਪਾਏ ਜਾਣ ਵਾਲੇ ਸੂਏ ਤੇ ਦੋਹਾਂ ਅੱਖਾਂ ਵਿੱਚ ਨੱਕ ਦੇ ਨੇੜੇ ਲਾਲ ਰੰਗ ਦੀਆਂ ਝਿੱਲੀਆਂ ਵੀ ਬੋਲੋੜੇ ਅੰਗ ਹਨ। ਇਸ ਤਰ੍ਹਾਂ ਹੀ ਅਜਗਰ ਦੇ ਪੇਟ ਵਿੱਚ ਮਿਲਣ ਵਾਲੇ ਪਰ ਭਾਵੇਂ ਬੇਲੋੜੇ ਹਨ ਪਰ ਇਹ ਇੱਕ ਜੀਵ ਦੇ ਦੂਸਰੇ ਜੀਵ ਤੋਂ ਹੋਏ ਵਿਕਾਸ ਦਾ ਅਧਿਐਨ ਕਰਨ ਲਈ ਬਹੁਤ ਮਹੱਤਵਪੂਰਨ ਹਨ।
ਭਰੂਣ
ਜੇ ਅਸੀਂ ਮਨੁੱਖ, ਖਰਗੋਸ਼, ਕੁੱਕੜੀ, ਮੱਛੀ ਤੇ ਕੱਛੂ ਦੇ ਆਂਡਿਆਂ ਵਿਚਲੇ ਜਾਂ ਗਰਭ ਅੰਦਰਲੇ ਵਿਕਸਿਤ ਹੋ ਰਹੇ ਬੱਚਿਆਂ ਦੇ ਭਰੂਣ ਦਾ ਅਧਿਐਨ ਕਰੀਏ ਤਾਂ ਅਸੀਂ ਜਾਣ ਸਕਦੇ ਹਾਂ ਕਿ ਮੁਢਲੀਆਂ ਹਾਲਤਾਂ ਵਿੱਚ ਇਹਨਾਂ ਸਭ ਦੀ ਸ਼ਕਲ ਸੂਰਤ ਇੱਕੋ ਜਿਹੀ ਹੁੰਦੀ ਹੈ। ਜਿਵੇਂ ਜਿਵੇਂ ਭਰੂਣ ਵਿੱਚ ਵਾਧਾ ਹੁੰਦਾ ਜਾਂਦਾ ਹੈ ਉਸੇ ਤਰ੍ਹਾਂ ਹੀ ਇਹਨਾਂ ਵਿੱਚ ਫਰਕ ਵੀ ਵਧਦਾ ਨਜ਼ਰ ਆਉਂਦਾ ਹੈ। ਵੱਖ ਵੱਖ ਜਾਤੀਆਂ ਦੇ ਜਾਨਵਰਾਂ ਦੇ ਭਰੂਣ ਇਸ ਹੱਦ ਤੱਕ ਮਿਲਦੇ ਨਜ਼ਰ ਆਉਂਦੇ ਹਨ ਕਿ ਸ਼ੁਰੂ ਦੀਆਂ ਹਾਲਤਾਂ ਵਿੱਚ ਇਹਨਾਂ ਨੂੰ ਪਹਿਚਾਨਣਾ ਵੀ ਮੁਸ਼ਕਲ ਹੁੰਦਾ ਹੈ। ਭਰੂਣ ਵਿੱਚ ਬੱਚਿਆਂ ਦੇ ਗੁਣਾਂ ਜਾਂ ਸ਼ਕਲਾਂ ਦਾ ਇੱਕੋ ਜਿਹਾ ਹੋਣਾ ਇਸ ਵਿਚਾਰ ਦੀ ਪੁਸ਼ਟੀ ਕਰਦਾ ਹੈ ਕਿ ਇਹ ਸਾਰੇ ਜਾਨਵਰ ਇੱਕੋ ਹੀ ਪੂਰਵਜ ਤੋਂ ਵਿਕਸਿਤ ਹੋਏ ਹਨ। ਜੇ ਅਸੀਂ ਚਿੜੀਆਂ ਤੇ ਕਬੂਤਰਾਂ ਦੇ ਬੱਚਿਆਂ ਨੂੰ ਉਹਨਾਂ ਦੇ ਆਂਡਿਆਂ ਵਿੱਚੋਂ ਨਿਕਲਣ ਸਮੇਂ ਵੇਖੀਏ ਤਾਂ ਉਹਨਾਂ ਦੀ ਸ਼ਕਲ ਇੱਕੋ ਜਿਹੀ ਵਿਖਾਈ ਦਿੰਦੀ ਹੈ। ਕਿਉਂਕਿ ਹਾਥੀ ਤੇ ਸੂਰ, ਜੀਵਾਂ ਦੇ ਇੱਕੋ ਵਰਗ ਨਾਲ ਸੰਬੰਧ ਰੱਖਦੇ ਹਨ ਇਸ ਲਈ ਜਨਮ ਸਮੇਂ ਸੂਰੀ ਦੇ ਬੱਚਿਆਂ ਦੀ ਸ਼ਕਲ ਹਾਥੀ ਦੇ ਬੱਚਿਆਂ ਜਿਹੀ ਹੁੰਦੀ ਹੈ ਇਸ ਕਾਰਨ ਕਈ ਵਾਰ ਸੂਰੀ ਦੇ ਪੈਦਾ ਹੋਏ ਬੱਚਿਆਂ ਨੂੰ ਹੀ ‘‘ਗਣੇਸ਼ ਜੀ’’ ਸਮਝ ਲਿਆ ਜਾਂਦਾ ਹੈ। 1980 ਵਿੱਚ ਪੰਜਾਬ ਦੇ ਸ਼ਹਿਰ ਬਰਨਾਲਾ ਵਿਖੇ ਧਾਨਕਿਆਂ ਦੇ ਘਰਾਂ ਵਿੱਚ ਪੈਦਾ ਹੋਏ ਅਜਿਹੇ ਸੂਰ ਦੀ ‘‘ਗਣੇਸ਼ ਜੀ’’ ਸਮਝ ਕੇ ਪੂਜਾ ਸ਼ੁਰੂ ਕਰ ਦਿੱਤੀ ਗਈ ਸੀ। ਮਨੁੱਖ ਤੇ ਬਾਂਦਰ ਵੀ ਜੀਵਾਂ ਦੇ ਇੱਕੋ ਵਰਗ ਨਾਲ ਸੰਬੰਧਿਤ ਹਨ ਇਸ ਕਰਕੇ ਬਹੁਤ ਸਾਰੇ ਲੋਕ ਕਿਸੇ ਔਰਤ ਨੂੰ ਪੈਦਾ ਹੋਏ ਬਾਂਦਰਾਂ ਦੀ ਸ਼ਕਲ ਵਾਲੇ ਬੱਚੇ ਦੀ ‘‘ਹਨੂਮਾਨ ਜੀ’’ ਦੇ ਪੈਦਾ ਹੋਣ ਦੇ ਖਿਆਲੀ ਭਰਮ ਦੇ ਸ਼ਿਕਾਰ ਹੋ ਜਾਂਦੇ ਹਨ। 1970 ਵਿੱਚ ਹਿਸਾਰ (ਹਰਿਆਣਾ) ਵਿਖੇ ਰਿਫੂਜ਼ੀ ਬਸਤੀ ਵਿੱਚ ਇੱਕ ਔਰਤ ਨੇ ਅਜਿਹੇ ‘‘ਹਨੂੰਮਾਨ ਜੀ’’ ਨੂੰ ਜਨਮ ਦਿੱਤਾ ਸੀ। ਇਸ ਤਰ੍ਹਾਂ ਭਰੂਣ ਵੀ ਜੀਵਾਂ ਵਿੱਚ ਹੋਏ ਵਿਕਾਸ ਦਾ ਇੱਕ ਵੱਡਾ ਸਬੂਤ ਹਨ।
ਵਰਗ
ਬਿੱਲੀਆਂ, ਸ਼ੇਰਾਂ ਤੇ ਚੀਤਿਆਂ ਨੂੰ ਇਸ ਲਈ ਇੱਕ ਹੀ ਵਰਗ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਗੁਣ ਇੱਕ ਦੂਜੇ ਨਾਲ ਮੇਲ ਖਾਂਦੇ ਹਨ। ਇਸਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਸਾਰੇ ਜੀਵਾਂ ਦਾ ਜਨਮ ਇੱਕ ਹੀ ਸਾਂਝੇ ਪੂਰਵਜ ਤੋਂ ਹੋਇਆ ਹੈ। ਇਸ ਤਰ੍ਹਾਂ ਕੁੱਤੇ, ਲੂੰਬੜ, ਰਿੱਛ ਤੇ ਗਿੱਦੜ ਵੀ ਇੱਕੋ ਵਰਗ ਦੇ ਮੈਂਬਰ ਹੁੰਦੇ ਹਨ ਕਿਉਂਕਿ ਇਹਨਾਂ ਦੇ ਗੁਣ ਇੱਕੋ ਜਿਹੇ ਹੁੰਦੇ ਹਨ। ਗਧੇ, ਘੋੜੇ ਤੇ ਖੱਚਰਾਂ ਦਾ ਇੱਕੋ ਹੀ ਵਰਗ ਉਹਨਾਂ ਦੇ ਗੁਣਾਂ ਵਿੱਚ ਸਮਾਨਤਾ ਕਰਕੇ ਹੁੰਦਾ ਹੈ। ਕਈ ਵਾਰੀ ਅਜਿਹੇ ਜੀਵ ਵੀ ਕੁਦਰਤ ਵਿੱਚ ਮਿਲ ਜਾਂਦੇ ਹਨ ਜਿਹਨਾਂ ਦੇ ਗੁਣ ਦੋ ਵਰਗਾਂ ਵਾਲੇ ਹੁੰਦੇ ਹਨ। ਜਿਵੇਂ ਆਰਕੀਉਪਟੈਰਿਕਸ ਇੱਕ ਅਜਿਹਾ ਜਾਨਵਰ ਸੀ ਜਿਸ ਵਿੱਚ ਰੀਂਗਣ ਵਾਲੇ ਤੇ ਉੱਡਣ ਵਾਲੇ ਦੋਵੇਂ ਵਰਗਾਂ ਦੇ ਗੁਣ ਮੌਜੂਦ ਸਨ।
ਜੀਵ ਵਿਕਾਸ ਵਿੱਚ ਅਜਿਹੇ ਜੀਵ ਇੱਕ ਵਰਗ ਨੂੰ ਦੂਜੇ ਵਰਗ ਨਾਲ ਜੋੜਨ ਦੀ ਕੜੀ ਦਾ ਕੰਮ ਕਰਦੇ ਹਨ ਇਸ ਲਈ ਇਹ ਦੂਜੇ ਜੀਵਾਂ ਨਾਲੋਂ ਵੱਧ ਮਹੱਤਤਾ ਰੱਖਦੇ ਹਨ।

