ਮੇਘ ਰਾਜ ਮਿੱਤਰ
ਅੱਜ ਸੰਸਾਰ ਦੇ ਸਾਰੇ ਸਾਇੰਸਦਾਨ ਇਸ ਗੱਲ ਉੱਤੇ ਇੱਕਮੱਤ ਹਨ ਕਿ ਜੀਵਾਂ ਵਿੱਚ ਵਿਕਾਸ ਹੀ ਹੋਇਆ ਹੈ। ਜੀਵਾਂ ਤੇ ਪੌਦਿਆਂ ਵਿੱਚ ਕਰੋੜਾਂ ਸਾਲਾਂ ਵਿੱਚ ਹੋਏ ਇਸ ਵਿਕਾਸ ਨੂੰ ਕਿਸੇ ਸਾਇੰਸ ਦੀ ਪ੍ਰਯੋਗਸ਼ਾਲਾ ਵਿੱਚ ਕੁਝ ਮਿੰਟਾਂ ਦੇ ਪ੍ਰਯੋਗ ਰਾਹੀਂ ਸਿੱਧ ਨਹੀਂ ਕੀਤਾ ਜਾ ਸਕਦਾ ਹੈ। ਜੀਵ ਵਿਕਾਸ ਬਹੁਤ ਹੌਲੀ ਹੌਲੀ ਹੁੰਦਾ ਹੈ। ਬੀਤੇ ਸਮੇਂ ਵਿੱਚ ਧਰਤੀ ਤੇ ਰਹਿਣ ਵਾਲੇ ਪੌਦੇ ਤੇ ਪ੍ਰਾਣੀਆਂ ਨੇ ਚੱਟਾਨਾਂ ਦੀਆਂ ਪਰਤਾਂ ਵਿੱਚ ਆਪਣੀ ਹੋਂਦ ਦੇ ਸਬੂਤ ਛੱਡੇ ਹਨ। ਚੱਟਾਨਾਂ ਦੀਆਂ ਪਰਤਾਂ ਵਿੱਚੋਂ ਮਿਲਣ ਵਾਲੇ ਜੀਵਾਂ ਦੇ ਮਿਰਤਕ ਸਰੀਰਾਂ ਨੂੰ ਹੀ ਫਾਸਿਲ ਜਾਂ ਪਥਰਾਟ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਜੀਵ ਵਿਕਾਸ ਦੇ ਸਭ ਤੋਂ ਵੱਡੇ ਸਬੂਤ ਫਾਸਿਲਾਂ ਬਾਰੇ ਕੁਝ ਵਿਚਾਰ ਵਟਾਂਦਰਾ ਕਰੀਏ ਸਾਨੂੰ ਚੱਟਾਨਾਂ ਤੇ ਫਾਸਿਲਾਂ ਦੀ ਉਮਰ ਲੱਭਣ ਦੇ ਢੰਗ ਬਾਰੇ ਕੁਝ ਜਾਣਕਾਰੀ ਹੋਣੀ ਚਾਹੀਦੀ ਹੈ।
ਸਾਧਾਰਣ ਢੰਗ
ਅਸੀਂ ਜਾਣਦੇ ਹਾਂ ਕਿ ਧਰਤੀ ਤੇ ਇੱਕ ਸਾਲ ਵਿੱਚ ਗਰਮੀ ਤੇ ਸਰਦੀ ਦੇ ਮੌਸਮ ਆਉਂਦੇ ਹਨ। ਧਰਤੀ ਤੇ ਕੁਝ ਸਥਾਨ ਅਜਿਹੇ ਹਨ ਜਿੱਥੇ ਸਰਦੀਆਂ ਵਿੱਚ ਬਰਫ਼ ਪੈਂਦੀ ਹੈ ਭਾਵੇਂ ਗਰਮੀਆਂ ਵਿੱਚ ਇਹਨਾਂ ਸਥਾਨਾਂ ਤੇ ਨਵੀਂ ਬਰਫ਼ ਤਾਂ ਨਹੀਂ ਪੈਂਦੀ ਪਰ ਪਹਿਲਾਂ ਪਈ ਬਰਫ਼ ਵੀ ਪਿਘਲਦੀ ਨਹੀਂ। ਇਸ ਤਰ੍ਹਾਂ ਗਰਮੀ ਦੇ ਮੌਸਮ ਵਿੱਚ ਇਸ ਤੇ ਕੁਝ ਮਿੱਟੀ ਦੇ ਕਣ ਤੇ ਪਤਝੜ ਦੇ ਮੌਸਮ ਵਿੱਚ ਕੁਝ ਪੱਤੇ ਡਿੱਗ ਪੈਂਦੇ ਹਨ। ਇਸ ਤਰ੍ਹਾਂ ਬਰਫ਼ ਦੀਆਂ ਪਰਤਾਂ ਬਣ ਜਾਂਦੀਆਂ ਹਨ। ਸਾਧਾਰਣ ਵਿਅਕਤੀ ਲਈ ਬਰਫ਼ ਦੀਆਂ ਇਹ ਪਰਤਾਂ ਮਹੱਤਵਪੂਰਣ ਨਹੀਂ ਹਨ। ਪਰ ਇੱਕ ਸਾਇੰਸਦਾਨ ਲਈ ਇਹ ਬਹੁਤ ਹੀ ਮਹੱਤਤਾ ਰੱਖਦੀਆਂ ਹਨ। ਮੰਨ ਲਉ ਕੁਝ ਹਜ਼ਾਰ ਸਾਲ ਪਹਿਲਾਂ ਇੱਕ ਚੂਹਾ ਬਰਫ਼ ਪੈਣ ਕਾਰਨ ਮਰ ਗਿਆ ਸੀ। ਹੁਣ ਪੁਟਾਈ ਸਮੇਂ ਜਦੋਂ ਇਹ ਕਿਸੇ ਵਿਗਿਆਨਕ ਨੂੰ ਮਿਲੇਗਾ ਤਾਂ ਉਹ ਉਸ ਦੇ ਸਰੀਰ ਤੋਂ ਉਪਰਲੀਆਂ ਬਰਫ਼ ਦੀਆਂ ਪਰਤਾਂ ਨੂੰ ਗਿਣ ਕੇ ਇਹ ਦੱਸ ਸਕੇਗਾ ਕਿ ਉਸ ਚੂਹੇ ਦੀ ਮੌਤ ਕਿੰਨੇ ਸਾਲ ਪਹਿਲਾਂ ਹੋਈ ਸੀ। ਬਰਫ਼ ਦੀਆਂ ਇਹ ਪਰਤਾਂ ਧਰਤੀ ਤੇ ਪੁਰਾਣੇ ਸਮਿਆਂ ਵਿੱਚ ਉਪਲਬਧ ਮੌਸਮ ਦੀਆਂ ਵੀ ਸੂਚਕ ਹੁੰਦੀ ਹਨ। ਜਿਹੜੀ ਪਰਤ ਸਭ ਤੋਂ ਮੋਟੀ ਹੋਵੇਗੀ ਉਸ ਸਾਲ ਬਰਫ਼ ਸਭ ਤੋਂ ਵੱਧ ਪਈ ਹੋਵੇਗੀ। ਜਿਸ ਪਰਤ ਵਿੱਚ ਪੱਤਿਆਂ ਦੀ ਤੈਅ ਸਭ ਤੋਂ ਮੋਟੀ ਹੋਵੇਗੀ ਉਸ ਸਾਲ ਖੁਸ਼ਕ ਮੌਸਮ ਵਧੇਰੇ ਰਿਹਾ ਹੋਵੇਗਾ। ਇਸ ਤਰ੍ਹਾਂ ਬਰਫ਼ ਦੀਆਂ ਇਹ ਪਰਤਾਂ ਅਨੇਕਾਂ ਘਟਨਾਵਾਂ ਦੀ ਜਾਣਕਾਰੀ ਲਕੋਈ ਬੈਠੀਆਂ ਹਨ। ਜਿਵੇਂ ਅਸੀਂ ਜਾਣਦੇ ਹਾਂ ਕਿ ਮਕਾਨ ਨੂੰ ਉਸਾਰਨ ਦੇ ਲਈ ਸਭ ਤੋਂ ਹੇਠਲੀ ਇੱਟ ਹੀ ਸਭ ਤੋਂ ਪਹਿਲਾਂ ਲਾਈ ਜਾਂਦੀ ਹੈ ਇਸ ਤਰ੍ਹਾਂ ਬਰਫ਼ ਜਾਂ ਚਟਾਨ ਦੀ ਸਭ ਤੋਂ ਹੇਠਲੀ ਪਰਤ ਹੀ ਸਭ ਤੋਂ ਪਹਿਲਾਂ ਬਣਦੀ ਹੈ।
ਰਸਾਇਣਕ ਢੰਗ
ਉਪਰੋਕਤ ਢੰਗ ਨਾਲ ਕੁਝ ਸਦੀਆਂ ਪਹਿਲਾਂ ਵਾਪਰੀਆਂ ਘਟਨਾਂਵਾਂ ਦਾ ਪਤਾ ਤਾਂ ਸੁਖਾਲੇ ਹੀ ਲੱਗ ਸਕਦਾ ਹੈ ਪਰ ਹਜ਼ਾਰਾਂ ਜਾਂ ਲੱਖਾਂ ਸਾਲਾਂ ਪਹਿਲਾਂ ਵਾਪਰੀਆਂ ਘਟਨਾਵਾਂ ਲਈ ਇਹ ਢੰਗ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ ਹੈ। ਵਿਗਿਆਨੀ ਹਜ਼ਾਰਾਂ ਜਾਂ ਲੱਖਾਂ ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਇੱਕ ਹੋਰ ਢੰਗ ਰਾਹੀਂ ਘੋਖਦੇ ਹਨ। ਇਸ ਢੰਗ ਨੂੰ ਵਿਗਿਆਨ ਦੀਆਂ ਸ਼ਬਦਾਵਲੀ ਵਿੱਚ ‘‘ਕਾਰਬਨ ਡੇਟਿੰਗ ਪ੍ਰੋਸੈਸ’’ ਕਿਹਾ ਜਾਂਦਾ ਹੈ। ਪੁਲਾੜ ਵਿੱਚੋਂ ਆ ਰਹੀਆਂ ਕਾਸਮਿਕ ਕਿਰਨਾਂ ਨਾਈਟਰੋਜਨ 14 ਨੂੰ ਕਾਰਬਨ 14 ਵਿੱਚ ਬਦਲ ਦਿੰਦੀਆਂ ਹਨ ਇਸ ਤਰ੍ਹਾਂ ਅਸਮਾਨ ਵਿੱਚ ਵੀ ਕਾਰਬਿਨ 12 ਅਤੇ ਕਾਰਬਿਨ 14 ਦੀ ਖਾਸ ਅਨੁਪਾਤ ਹੋ ਜਾਂਦੀ ਹੈ। ਅਸੀਂ ਜਾਣਦੇ ਹਾਂ ਕਿ ਸਭ ਪੌਦੇ ਅਸਮਾਨ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਲੈ ਕੇ ਆਪਣੀ ਖੁਰਾਕ ਬਣਾਉਂਦੇ ਹਨ ਤੇ ਸਾਰੇ ਜੀਵ ਪੌਦਿਆਂ ਨੂੰ ਖਾਂਦੇ ਹਨ। ਪੌਦਿਆਂ ਵਿੱਚ ਕਾਰਬਨ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਇਸ ਨੂੰ ਕਾਰਬਨ-12 ਤੇ ਕਾਰਬਨ-14 ਆਖਿਆ ਜਾਂਦਾ ਹੈ। ਜਿਉਂਦੇ ਸਰੀਰ ਵਿੱਚ ਇਹਨਾਂ ਦਾ ਅਨੁਪਾਤ ਸਾਰੀ ਜ਼ਿੰਦਗੀ ਸਥਿਰ ਰਹਿੰਦਾ ਹੈ। ਪੌਦਿਆਂ ਤੇ ਪ੍ਰਾਣੀਆਂ ਦੇ ਮਰਨ ਤੋਂ ਬਾਅਦ ਕਾਰਬਨ-12 ਦੀ ਮਾਤਰਾ ਵਿੱਚ ਕੋਈ ਫਰਕ ਨਹੀਂ ਪੈਂਦਾ। ਪਰ ਕਾਰਬਨ-14 ਕਿਰਨਾਂ ਛੱਡਦੀ ਰਹਿੰਦੀ ਹੈ ਅਤੇ ਕਾਰਬਨ-12 ਵਿੱਚ ਬਦਲ ਦੀੀ ਰਹਿੰਦੀ ਹੈ। ਇਸ ਲਈ ਹਰ ਪੰਜ ਹਜ਼ਾਰ ਸੱਤ ਸੋ ਤੀਹ ਸਾਲ ਮਗਰੋਂ ਇਹ ਪਹਿਲਾਂ ਨਾਲੋਂ ਅੱਧੀ ਰਹਿ ਜਾਂਦੀ ਹੈ। ਇਸ ਤਰ੍ਹਾਂ ਸਾਇੰਸਦਾਨ ਇੱਕ ਕਲੈਂਡਰ ਤਿਆਰ ਕਰ ਲੈਂਦੇ ਹਨ। ਹੁਣ ਜਦੋਂ ਕੋਈ ਮਰਿਆ ਹੋਇਆ ਜੀਵ ਉਹਨਾਂ ਨੂੰ ਮਿਲ ਜਾਂਦਾ ਹੈ ਤਾਂ ਉਹ ਉਸ ਵਿੱਚੋਂ ਕਾਰਬਨ 12 ਤੇ ਕਾਰਬਨ 14 ਦੀ ਮਾਤਰਾ ਦੇ ਅਨੁਪਾਤ ਦਾ ਪਤਾ ਲਾ ਲੈਂਦੇ ਹਨ। ਇਸ ਤਰ੍ਹਾਂ ਕਾਰਬਨ ਦੇ ਇਸ ਕਲੈਂਡਰ ਤੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਜੀਵ ਦੀ ਮ੍ਰਿਤੂ ਕਿੰਨਾ ਸਮਾਂ ਪਹਿਲਾਂ ਹੋਈ ਸੀ। ਜਿਸ ਚਟਾਨ ਵਿੱਚੋਂ ਇਹ ਜੀਵ ਮਿਲਦਾ ਹੈ ਉਸਦੀ ਉਮਰ ਦਾ ਵੀ ਪਤਾ ਲੱਗ ਜਾਂਦਾ ਹੈ। ਇਹ ਢੰਗ ਚਾਲੀ ਹਜ਼ਾਰ ਵਰੇ੍ਹ ਤੱਕ ਦੀ ਉਮਰ ਦੇ ਫਾਸਿਲਾਂ ਲਈ ਪੂਰੀ ਸ਼ੁੱਧਤਾ ਨਾਲ ਵਰਤੋਂ ਵਿੱਚ ਲਿਆਂਦਾ ਜਾ ਸਕਦਾਹੈ।
ਤਾਪ ਪ੍ਰਕਾਸ਼ੀ ਵਿਧੀ
ਚਾਲੀ ਹਜ਼ਾਰੀ ਵਰੇ੍ਹ ਤੋਂ ਲੈ ਕੇ ਇੱਕ ਲੱਖ ਵਰੇ੍ਹ ਤੱਕ ਦੀਆਂ ਵਸਤੂਆਂ ਤੇ ਇਸ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ। ਮੰਨ ਲਓ ਤੁਸੀਂ ਕਿਸੇ ਚੀਨੀ ਦੇ ਟੁੱਟੇ ਬਰਤਨ ਦੀ ਉਮਰ ਦਾ ਪਤਾ ਲਾਉਣਾ ਹੈ ਤਾਂ ਤੁਸੀਂ ਇਸ ਪਦਾਰਥ ਨੂੰ ਤਿੰਨ ਸੌ ਡਿਗਰੀ ਸੈਲਸੀਅਸ ਤੋਂ ਲੈ ਕੇ ਛੇ ਸੌ ਡਿਗਰੀ ਸੈਲਸੀਅਸ ਤੱਕ ਗਰਮ ਕਰੋਗੇ। ਇਸ ਤਰ੍ਹਾਂ ਇਸ ਵਿੱਚ ਜੋ ਪ੍ਰਕਾਸ਼ ਪੈਦਾ ਹੋਵੇਗਾ ਉਸ ਦੀ ਤੀਬਰਤਾ ਮਾਪੋਗੇ। ਜਿੰਨੀ ਤੀਬਰਤਾ ਵੱਧ ਹੋਵੇਗੀ ਉਨੀ ਹੀ ਵੱਧ ਪੁਰਾਣੀ ਵਸਤੂ ਹੋਵੇਗੀ। ਅਸਲ ਵਿੱਚ ਸੂਰਜੀ ਪ੍ਰਕਾਸ਼ ਵਿੱਚ ਕਾਸਮਿਕ ਕਿਰਨਾਂ ਹੁੰਦੀਆਂ ਹਨ ਜਿੰਨ੍ਹਾਂ ਕਾਰਨ ਪਈਆਂ ਵਸਤੂਆਂ ਵਿੱਚ ਇਲੈਕਟ੍ਰਾਨ ਜਮ੍ਹਾਂ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਪੁਰਾਣੀਆਂ ਵਸਤੂਆਂ ਵਿੱਚ ਨਵੀਆਂ ਦੇ ਮੁਕਾਬਲੇ ਵੱਧ ਇਲੈਕਟ੍ਰਾਨ ਹੋਣਗੇ। ਜਿਸ ਵਿੱਚ ਇਲੈਕਟ੍ਰਾਨ ਵੱਧ ਹੋਣਗੇ ਉਹ ਵੱਧ ਪ੍ਰਕਾਸ਼ ਦੀ ਤੀਬਰਤਾ ਪੈਦਾ ਕਰੇਗੀ।
ਪੋਟਾਸ਼ੀਅਮ ਆਰਗਨ ਢੰਗ
ਚੱਟਾਨਾਂ ਦੀ ਉਮਰ ਲੱਭਣ ਲਈ ਆਮ ਤੌਰ ਤੇ ਪੋਟਾਸ਼ੀਅਮ ਆਰਗਨ ਢੰਗ ਦੀ ਵਰਤੋਂ ਹੁੰਦੀ ਰਹੀ ਹੈ। ਪੋਟਾਸ਼ੀਅਮ ਦੀ ਅੱਧੀ ਮਾਤਰਾ ਲੱਗਭੱਗ ਇੱਕ ਸੌ ਪੱਚੀ ਕਰੋੜ ਵਰਿ੍ਹਆਂ ਵਿੱਚ ਆਰਗਨ ਗੈਸ ਵਿੱਚ ਬਦਲ ਜਾਂਦੀ ਹੈ। ਇਸ ਲਈ ਜਦੋਂ ਵੀ ਕੋਈ ਜਵਾਲਾ ਮੁਖੀ ਫਟਦਾ ਹੈ ਤਾਂ ਉਸ ਸਮੇਂ ਜੋ ਵੀ ਆਰਗਨ ਉਸ ਲਾਵੇ ਵਿੱਚ ਹੁੰਦੀ ਹੈ ਉਹ ਉੱਚ ਤਾਪਮਾਨ ਕਰਕੇ ਵਾਯੂਮੰਡਲ ਵਿੱਚ ਖਿਲਰ ਜਾਂਦੀ ਹੈ। ਉਸ ਤੋਂ ਬਾਅਦ ਉਸ ਵਿੱਚ ਜੋ ਆਰਗਨ ਬਣਦੀ ਹੈ ਉਹ ਸਿਰਫ਼ ਪੋਟਾਸ਼ੀਅਮ ਦੇ ਆਰਗਨ ਵਿੱਚ ਬਦਲਣ ਕਰਕੇ ਹੀ ਪੈਦਾ ਹੁੰਦੀ ਹੈ। ਇਸ ਲਈ ਇਸ ਤਰ੍ਹਾਂ ਜਵਾਲਾ ਮੁਖੀਆਂ ਦੇ ਪਿਘਲੇ ਹੋਏ ਲਾਵੇ ਤੋਂ ਬਣੀਆਂ ਚੱਟਾਨਾਂ ਅਤੇ ਉਹਨਾਂ ਵਿੱਚੋਂ ਮਿਲੇ ਫਾਸਿਲਾਂ ਦੀ ਉਮਰ ਇਸ ਢੰਗ ਨਾਲ ਲੱਭੀ ਜਾਂਦੀ ਹੈ। ਇਹ ਢੰਗ ਸਿਰਫ਼ ਇੱਕ ਲੱਖ ਵਰੇ੍ਹ ਜਾਂ ਇਸ ਤੋਂ ਪੁਰਾਣੇ ਫਾਸਿਲਾਂ ਤੇ ਹੀ ਲਾਗੂ ਕੀਤਾ ਜਾਂਦਾ ਹੈ। ਇਸ ਤੋਂ ਘੱਟ ਉਮਰ ਦੇ ਫਾਸਿਲਾਂ ਲਈ ਕਾਰਬਨ ਢੰਗ ਹੀ ਵਧੀਆ ਹੈ।
ਯੂਰੇਨੀਅਮ ਦਾ ਢੰਗ
ਮਨੁੱਖ ਦੇ ਮਨ ਵਿੱਚ ਪੁਰਾਣੇ ਸਮਿਆਂ ਤੋਂ ਹੀ ਇਹ ਵਿਚਾਰ ਪੈਦਾ ਹੁੰਦੇ ਰਹੇ ਕਿ ਧਰਤੀ ਕਿੰਨੀ ਪੁਰਾਣੀ ਹੈ। ਇਸ ਲਈ ਉਹਨਾਂ ਨੇ ਇਸ ਪ੍ਰਸ਼ਨ ਦੇ ਹੱਲ ਲਈ ਬਹੁਤ ਸਾਰੇ ਯਤਨ ਵੀ ਕੀਤੇ ਪਰ ਸਫਲ ਨਾ ਹੋਏ। ਉਪਰੋਕਤ ਵਿਧੀਆਂ ਨਾਲ ਪੌਦੇ, ਪ੍ਰਾਣੀਆਂ ਤੇ ਫਾਸਿਲਾਂ ਦੀਆਂ ਉਮਰਾਂ ਤਾਂ ਪਤਾ ਕੀਤੀਆਂ ਜਾ ਸਕਦੀਆਂ ਹਨ। ਪਰ ਧਰਤੀ ਤੇ ਚੱਟਾਨਾਂ ਦੀ ਉਮਰ ਪਤਾ ਕਰਨ ਲਈ ਇੱਕ ਹੋਰ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਯੂਰੇਨੀਅਮ ਕਲੈਂਡਰ ਕਿਹਾ ਜਾਂਦਾ ਹੈ। ਇਸ ਤਰੀਕੇ ਵਿੱਚ ਪੁਰਾਣੀਆਂ ਚੱਟਾਨਾਂ ਦੇ ਟੁਕੜੇ ਲਏ ਜਾਂਦੇ ਹਨ ਅਤੇ ਉਹਨਾਂ ਵਿੱਚ ਯੂਰੇਨੀਅਮ ਅਤੇ ਸਿੱਕੇ ਦਾ ਅਨੁਪਾਤ ਪਤਾ ਕੀਤਾ ਜਾਂਦਾ ਹੈ। ਯੂਰੇਨੀਅਮ ਵਿੱਚ ਵੀ ਗੁਣ ਹੈ ਕਿ ਇਹ ਆਪਣੇ ਆਪ ਕਿਰਨਾਂ ਛੱਡਦਾ ਰਹਿੰਦਾ ਹੈ। ਇਸ ਲਈ ਇਹ ਪਿਆ ਪਿਆ ਸਿੱਕੇ ਵਿੱਚ ਬਦਲ ਜਾਂਦਾ ਹੈ। ਯੂਰੇਨੀਅਮ ਦੋ ਸੌ ਅਠੱਤੀ ਦੀ ਅੱਧੀ ਮਾਤਰਾ ਚਾਰ ਅਰਬ ਪੰਜਾਹ ਕਰੋੜ ਸਾਲ ਵਿੱਚ ਸਿੱਕੇ `ਚ ਬਦਲ ਜਾਂਦੀ ਹੈ। ਇਸ ਕਾਲ ਨੂੰ ਯੂਰੇਨੀਅਮ ਦੀ ਅੱਧੀ ਉਮਰ ਕਿਹਾ ਜਾਂਦਾ ਹੈ। ਧਰਤੀ ਦੀ ਉਮਰ ਦਾ ਪਤਾ ਲਾਉਣ ਲਈ ਵਿਗਿਆਨਕਾਂ ਨੇ ਯੂਰੇਨੀਅਮ ਤੇ ਸਿੱਕੇ ਦੇ ਅਨੁਪਾਤਾਂ ਨੂੰ ਪੁਰਾਣੀਆਂ ਚੱਟਾਨਾਂ ਵਿੱਚੋਂ ਲੱਭਿਆ ਹੈ। ਵਿਗਿਆਨਕਾਂ ਨੇ ਪਤਾ ਲਾਇਆ ਹੈ ਕਿ ਸਾਡੀ ਧਰਤੀ ਲੱਗਭੱਗ ਚਾਰ ਅਰਬ ਸੱਠ ਕਰੋੜ ਵਰੇ੍ਹ ਪੁਰਾਣੀ ਹੈ। ਉਹਨਾਂ ਅਨੁਸਾਰ ਅੱਜ ਤੋਂ ਤਿੰਨ ਸੌ ਅੱਸੀ ਕਰੋੜ ਸਾਲ ਪਹਿਲਾਂ ਧਰਤੀ ਤੇ ਜੀਵਨ ਸ਼ੁਰੂ ਹੋਇਆ ਸੀ ਅੱਜ ਤੋਂ ਚੌਂਤੀ ਕਰੋੜ ਪੰਜਾਹ ਲੱਖ ਸਾਲ ਪਹਿਲਾਂ ਸਮੁੰਦਰੀ ਜੀਵਾਂ ਨੇ ਧਰਤੀ ਤੇ ਜਨਮ ਲਿਆ ਸੀ। ਪਹਿਲੇ ਦੁੱਧ ਚੁੰਘਾਉਣ ਵਾਲੇ ਜਾਨਵਰ ਅੱਜ ਤੋਂ ਛੇ ਕਰੋੜ ਪੰਜਾਹ ਲੱਖ ਸਾਲ ਪਹਿਲਾਂ ਧਰਤੀ ਤੇ ਵਿਚਰੇ ਸਨ। ਮਨੁੱਖ ਨੇ ਤਾਂ ਸਿਰਫ਼ ਪੰਜਾਹ ਲੱਖ ਸਾਲ ਪਹਿਲਾਂ ਹੀ ਧਰਤੀ ਤੇ ਆਪਣੇ ਪੈਰਾਂ ਦੇ ਨਿਸ਼ਾਨ ਛੱਡੇ ਹਨ।

