ਮੇਘ ਰਾਜ ਮਿੱਤਰ
ਉਦਾਹਰਨ ਦੇ ਤੌਰ ਤੇ ਅਸੀਂ ਜ਼ਮੀਨ ਤੇ ਰਹਿਣ ਵਾਲੇ ਇੱਕ ਕੀੜਿਆਂ ਦੀ ਨਸਲ ਘੋਗੇ ਨੂੰ ਲੈਂਦੇ ਹਾਂ। ਨਸਲ ਤੋਂ ਸਾਡਾ ਭਾਵ ਅਜਿਹੇ ਕੀੜਿਆਂ ਦਾ ਇੱਕ ਸਮੂਹ ਹੈ ਜਿਸ ਵਿੱਚ ਨਰ ਅਤੇ ਮਾਦਾ ਦੇ ਮੇਲ ਰਾਹੀਂ ਆਪਣੇ ਵਰਗੇ ਹੋਰ ਜੀਵਾਂ ਨੂੰ ਪੈਦਾ ਕਰਨ ਦੀ ਸਮਰੱਥਾ ਹੈ। ਇਸ ਤਰ੍ਹਾਂ ਇੱਕੋ ਨਸਲ ਦੇ ਕੀੜੇ ਇੱਕ ਦੂਜੇ ਨਾਲ ਆਪਣੇ ਜੀਨਾਂ ਦਾ ਵਟਾਂਦਰਾ ਕਰ ਸਕਦੇ ਹਨ।
ਮੰਨ ਲਓ ਇਹ ਨਸਲ ਤਿੰਨ ਮੀਲ ਦੇ ਰਕਬੇ ਵਿੱਚ ਫੈਲੀ ਹੋਈ ਸੀ। ਸਮੇਂ ਦੇ ਨਾਲ ਇਹਨਾਂ ਦੇ ਵਿਚਕਾਰ ਇੱਕ ਝੀਲ ਬਣ ਗਈ। ਝੀਲ ਦੇ ਏ ਵਾਲੇ ਪਾਸੇ ਅੱਧੇ ਕੀੜੇ ਚਲੇ ਗਏ ਬਾਕੀ ਕੀੜੇ ਬੀ ਵਾਲੇ ਪਾਸੇ ਰਹਿ ਗਏ। ਵਾਤਾਵਰਣ ਦੀਆਂ ਹਾਲਤਾਂ ਕਾਰਨ ਏ ਵਾਲਾ ਪਾਸਾ ਖੁਸ਼ਕ ਤੇ ਗਰਮ ਰਹਿਣ ਲੱਗ ਪਿਆ ਅਤੇ ਬੀ ਵਾਲਾ ਪਾਸਾ ਸਿੱਲ੍ਹਾ ਤੇ ਠੰਡਾ ਰਹਿਣ ਲੱਗ ਪਿਆ। ਹੁਣ ਇਹਨਾਂ ਦੋਹਾਂ ਪਾਸਿਆਂ ਦੇ ਕੀੜੇ ਵੀ ਅੱਡ-ਅੱਡ ਵਾਤਾਵਰਣ ਵਿੱਚ ਰਹਿਣ ਲੱਗ ਪਏ। ਖੁਸ਼ਕ ਅਤੇ ਗਰਮ ਮੌਸਮ ਕਾਰਨ ਸੂਰਜ ਦੀਆਂ ਵੱਧ ਕਿਰਨਾਂ ਏ ਵਾਲੇ ਪਾਸੇ ਪੈਣ ਲੱਗ ਪਈਆਂ। ਸੂਰਜ ਦੀਆਂ ਕਿਰਨਾਂ ਵਿਚਲੀਆਂ ਕਾਸਮਿਕ ਕਿਰਨਾਂ ਕਾਰਨ ਏ ਵਾਲੇ ਪਾਸੇ ਦੇ ਕੀੜਿਆਂ ਦੇ ਜੀਨਾਂ ਵਿੱਚ ਕੁਝ ਤਬਦੀਲੀਆਂ ਹੋਣ ਲੱਗ ਪਈਆਂ ਪਰ ਬੀ ਵਾਲੇ ਪਾਸੇ ਦੇ ਕੀੜਿਆਂ ਵਿੱਚ ਠੰਡੇ ਅਤੇ ਸਿੱਲੇ ਮੌਸਮ ਨੇ ਉਹਨਾਂ ਦੀ ਚਮੜੀ ਤੇ ਵਾਲ ਅਤੇ ਚਰਬੀ ਦੀ ਮੋਟੀ ਪਰਤ ਚਾੜ੍ਹ ਦਿੱਤੀ। ਇਹ ਤਬਦੀਲੀਆਂ ਹਜ਼ਾਰਾਂ ਵਰੇ੍ਹ ਹੁੰਦੀਆਂ ਰਹੀਆਂ।
ਸਮੇਂ ਨੇ ਕਰਵਟ ਲਈ, ਝੀਲ ਜਿਵੇਂ ਬਣੀ ਸੀ ਉਵੇਂ ਹੀ ਖੁਸ਼ਕ ਹੋ ਗਈ। ਏ ਅਤੇ ਬੀ ਦੋਹਾਂ ਪਾਸਿਆਂ ਵਾਲੇ ਕੀੜੇ ਫਿਰ ਇੱਕ ਦੂਜੇ ਦੇ ਨੇੜੇ ਹੋ ਗਏ। ਹੁਣ ਜੇ ਏ ਅਤੇ ਬੀ ਦੋਹਾਂ ਪਾਸਿਆਂ ਦੇ ਕੀੜੇ ਮਿਲ ਕੇ ਇੱਕ ਦੂਜੇ ਨਾਲ ਜਨਣ ਕ੍ਰਿਆ ਕਰਨ ਦੇ ਸਮਰੱਥ ਹਨ ਤਾਂ ਉਹਨਾਂ ਦੀ ਨਸਲ ਇੱਕ ਹੀ ਹੋ ਜਾਵੇਗੀ। ਪਰ ਜੇ ਉਹ ਇੱਕ ਦੂਜੇ ਨਾਲ ਜਨਣ ਕ੍ਰਿਆ ਕਰਨ ਦੇ ਸਮਰੱਥ ਨਹੀਂ ਰਹੇ ਤਾਂ ਉਹਨਾਂ ਦੀ ਨਸਲ ਬਦਲ ਜਾਵੇਗੀ। ਇੱਕ ਤੋਂ ਦੋ ਨਸਲਾਂ ਇਸ ਤਰ੍ਹਾਂ ਹੀ ਬਣਦੀਆਂ ਹਨ। ਧਰੁਵਾਂ ਦੇ ਰਹਿਣ ਵਾਲੇ ਰਿੱਛ ਅਤੇ ਮੈਦਾਨਾਂ ਵਿੱਚ ਰਹਿਣ ਵਾਲੇ ਰਿੱਛ ਇਸ ਤਰ੍ਹਾਂ ਹੀ ਇੱਕ ਨਸਲ ਹਨ। ਪਰ ਕੁੱਤੇ ਅਤੇ ਗਿੱਦੜ ਕੁਝ ਗੁਣਾਂ ਵਿੱਚ ਇੱਕ ਦੂਜੇ ਨਾਲ ਮਿਲਦੇ ਹੋਏ ਵੀ ਜਾਨਵਰਾਂ ਦੀਆਂ ਅਲੱਗ-ਅਲੱਗ ਜਾਤੀਆਂ ਹਨ।

