Site icon Tarksheel Society Bharat (Regd.)

ਜੀਵ ਵਿਕਾਸ ਕੀ ਹੈ ?

ਮੇਘ ਰਾਜ ਮਿੱਤਰ

ਧਰਤੀ ਦੇ ਅਰਬਾਂ ਵਰਿ੍ਹਆਂ ਦੇ ਇਤਿਹਾਸ ਵਿੱਚ ਅਰਬਾਂ ਹੀ ਕਿਸਮ ਦੇ ਪੌਦੇ ਤੇ ਪ੍ਰਾਣੀ ਪੈਦਾ ਹੋਏ ਹਨ। ਇਹਨਾਂ ਵਿੱਚੋਂ ਬਹੁਤਿਆਂ ਦੀਆਂ ਨਸਲਾਂ ਧਰਤੀ ਤੋਂ ਅਲੋਪ ਹੋ ਚੁੱਕੀਆਂ ਹਨ। ਸਾਡੀ ਪ੍ਰਿਥਵੀ ਉੱਤੇ ਅੱਜ ਵੀ ਪੌਦਿਆਂ ਤੇ ਜੀਵਾਂ ਦੀਆਂ ਕਰੋੜਾਂ ਕਿਸਮਾਂ ਬਿਰਾਜਮਾਨ ਹਨ। ਹਰ ਕਿਸਮ ਦੇ ਪੌਦਿਆਂ ਤੇ ਪ੍ਰਾਣੀਆਂ ਨੂੰ ਜਿਉਂਦੇ ਰਹਿਣ ਲਈ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨਾਲ ਸੰਘਰਸ਼ ਕਰਨਾ ਪੈਂਦਾ ਹੈ। ਇਸੇ ਸੰਘਰਸ਼ ਕਾਰਨ ਉਹਨਾਂ ਦੀ ਸਰੀਰਕ ਬਣਤਰ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਕਿਉਂਕਿ ਇਹ ਕੁਦਰਤ ਦਾ ਇੱਕ ਸਿਧਾਂਤ ਹੈ ਕਿ ਜੀਵ ਜਿਹੜੇ ਅੰਗਾਂ ਦੀ ਵਰਤੋਂ ਕਰਦਾ ਹੈ ਉਹ ਵਿਕਸਤ ਹੋ ਜਾਂਦੇ ਹਨ ਜਿਹੜੇ ਅੰਗਾਂ ਦੀ ਵਰਤੋਂ ਨਹੀਂ ਕਰਦਾ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਅਲੋਪ ਹੋ ਜਾਂਦੇ ਹਨ। ਜੋ ਜੀਵ ਜਾਂ ਪੌਦੇ ਆਪਣੇ ਆਪ ਨੂੰ ਆਲੇ ਦੁਆਲੇ ਅਨੁਸਾਰ ਨਹੀਂ ਢਾਲ ਸਕਦੇ ਉਹਨਾਂ ਦਾ ਖਤਮ ਹੋ ਜਾਣਾ ਲਾਜ਼ਮੀ ਹੁੰਦਾ ਹੈ। ਸਿਰਫ਼ ਉਹ ਹੀ ਇਸ ਜਦੋ ਜਹਿਦ ਵਿੱਚੋਂ ਬਚ ਸਕਦੇ ਹਨ ਜਿਹੜੇ ਆਪਣੇ ਅੰਗਾਂ ਦੀ ਬਣਤਰ ਆਪਣੇ ਵੱਡੇ ਵਡੇਰਿਆਂ ਨਾਲੋਂ ਵਧੀਆ ਬਣਾ ਲੈਂਦੇ ਹਨ। ਇਸ ਤਰ੍ਹਾਂ ਜੀਵਾਂ ਵਿੱਚ ਲਗਾਤਾਰ ਤੇ ਹੌਲੀ ਹੌਲੀ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਜਿਵੇਂ ਜੰਗਲ ਵਿੱਚ ਸ਼ੇਰ ਤੇ ਹਿਰਨ ਦੋਵੇਂ ਹੀ ਹੁੰਦੇ ਹਨ ਸ਼ੇਰ ਹਿਰਨ ਦਾ ਸ਼ਿਕਾਰ ਕਰਦੇ ਹਨ ਜਿਹੜੇ ਸ਼ੇਰ ਤਕੜੇ ਅਤੇ ਭੱਜਣ ਵਿੱਚ ਤੇਜ਼ ਹੁੰਦੇ ਹਨ ਉਹ ਵੱਧ ਹਿਰਨਾਂ ਦਾ ਸ਼ਿਕਾਰ ਕਰਦੇ ਹਨ ਇਸ ਤਰ੍ਹਾਂ ਉਹਨਾਂ ਦੇ ਜਿਉਂਦੇ ਰਹਿਣ ਅਤੇ ਤਾਕਤਵਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਦੂਸਰੇ ਪਾਸੇ ਕੰਮਜੋਰ ਹਿਰਨਾਂ ਦੇ ਮਾਰੇ ਜਾਣ ਦੀ ਸੰਭਾਵਨਾ ਵੱਧ ਹੁੰਦੀ ਹੈ। ਸ਼ੁਰੂ ਵਿੱਚ ਧਰਤੀ ਤੇ ਰਹਿਣ ਵਾਲੇ ਜੀਵਾਂ ਦੀ ਸਰੀਰਕ ਬਣਤਰ ਬਹੁਤ ਹੀ ਸਾਧਾਰਣ ਸੀ। ਸਮੇਂ ਅਨੁਸਾਰ ਇਹਨਾਂ ਨੇ ਆਪਣੀ ਸਰੀਰਕ ਬਣਤਰਾਂ ਨੂੰ ਬਹੁਤ ਹੀ ਗੁੰਝਲਦਾਰ ਬਣਾ ਲਿਆ ਹੈ ਤਾਂ ਜੋ ਇਹ ਆਪਣੀਆਂ ਹਰ ਕਿਸਮ ਦੀਆਂ ਲੋੜਾਂ ਨੂੰ ਪੂਰਾ ਕਰ ਸਕਣ। ਜੀਵਾਂ ਤੇ ਪੌਦਿਆਂ ਦੇ ਸਰੀਰ ਵਿੱਚ ਇਹ ਤਬਦੀਲੀਆਂ ਤਰਤੀਬ ਬੱਧ ਢੰਗ ਨਾਲ ਹੋਈਆਂ ਹਨ। ਇਹਨਾਂ ਲੜੀਬੱਧ ਤਬਦੀਲੀਆਂ ਕਾਰਨ ਹੀ ਜੀਵਾਂ ਦੀ ਇੱਕ ਕਿਸਮ ਦੂਜੀ ਵਿੱਚ ਬਦਲ ਜਾਂਦੀ ਹੈ। ਇਸ ਤਰ੍ਹਾਂ ਹੋਣ ਦੀ ਕਿਰਿਆ ਨੂੰ ਹੀ ਜੀਵ ਵਿਕਾਸ ਕਿਹਾ ਜਾਂਦਾ ਹੈ।

Exit mobile version