Site icon Tarksheel Society Bharat (Regd.)

ਧਰਤੀ ਕੀ ਹੈ ?

ਮੇਘ ਰਾਜ ਮਿੱਤਰ

ਪ੍ਰਾਚੀਨ ਭਾਰਤੀ ਧਾਰਮਿਕ ਗਰੰਥਾਂ ਵਿੱਚ ਦਰਜ ਹੈ ਕਿ ਸਾਡੀ ਪ੍ਰਿਥਵੀ ਇੱਕ ਪਿਆਲੇ ਵਰਗੀ ਹੈ ਜਿਹੜੀ ਚਾਰ ਹਾਥੀਆਂ ਦੀ ਪਿੱਠ ਉੱਤੇ ਖੜ੍ਹੀ ਹੈ। ਇਹ ਹਾਥੀ ਇੱਕ ਕੱਛੂ ਉੱਪਰ ਖੜੇ੍ਹ ਹਨ। ਕੱਛੂ ਸੱਪ ਦੇ ਫਨ ਤੇ ਬੈਠਾ ਹੈ। ਜਦੋਂ ਹਾਥੀ ਹਿਲਜੁਲ ਕਰਦੇ ਹਨ ਤਾਂ ਧਰਤੀ ਤੇ ਭੂਚਾਲ ਆ ਜਾਂਦਾ ਹੈ। ਇੱਕ ਹੋਰ ਪੁਰਾਤਨ ਧਾਰਮਿਕ ਪੁਸਤਕ ਅਨੁਸਾਰ ਧਰਤੀ ਬਲਦ ਦੇ ਸਿੰਗਾਂ `ਤੇ ਪਲੇਟ ਵਾਂਗ ਪਈ ਹੈ। ਜਦੋਂ ਬਲਦ ਅੱਕ ਕੇ ਸਿੰਗ ਬਦਲਦਾ ਹੈ ਤਾਂ ਧਰਤੀ ਕੰਬ ਜਾਂਦੀ ਹੈ ਅਤੇ ਭੂਚਾਲ ਆ ਜਾਂਦੇ ਹਨ। ਇੱਕ ਹੋਰ ਗਰੰਥ ਦੇ ਰਚਨਹਾਰੇ ਨੇ ਲਿਖਿਆ ਹੈ ਸਾਡੀ ਪ੍ਰਿਥਵੀ ਇੱਕ ਪਲੇਟ ਹੈ ਜਿਹੜੀ ਤਿੰਨ ਵੇ੍ਹਲ ਮੱਛੀਆਂ ਦੇ ਉੱਪਰ ਟਿਕੀ ਹੋਈ ਹੈ। ਇਹ ਕਾਲਪਨਿਕ ਵਿਚਾਰ ਇਹਨਾਂ ਪੁਸਤਕਾਂ ਦੇ ਲੇਖਕਾਂ ਦੇ ਹਨ। ਜਿਵੇਂ ਉਹਨਾਂ ਦੀ ਕਾਲਪਨਿਕ ਸ਼ਕਤੀ ਨੇ ਉਹਨਾਂ ਦੇ ਦਿਮਾਗਾਂ ਵਿੱਚ ਧਰਤੀ ਬਾਰੇ ਸੋਚਿਆ ਸੀ ਉਹਨਾਂ ਲਿਖ ਦਿੱਤਾ ਹੈ। ਈਸਾ ਮਸੀਹ ਦੇ ਜਨਮ ਤੋਂ ਤਿੰਨ ਸੌ ਚਾਲੀ ਵਰੇ੍ਹ ਪਹਿਲਾਂ ਇੱਕ ਯੂਨਾਨੀ ਵਿਗਿਆਨਕ ਅਰਸਤੂ ਨੇ ਅੰਦਾਜ਼ਾ ਲਾਇਆ ਸੀ ਕਿ ਧਰਤੀ ਇੱਕ ਗੋਲਾ ਹੈ ਉਹਨੇ ਇਸਦੀ ਪੁਸ਼ਟੀ ਸੰਬੰਧੀ ਦੋ ਦਲੀਲਾਂ ਦਿੱਤੀਆਂ ਸਨ।
1. ਚੰਦਰਮਾ ਨੂੰ ਲੱਗਣ ਵਾਲੇ ਗ੍ਰਹਿਣ, ਧਰਤੀ ਦੇ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਆਉਣ ਕਰਕੇ ਹੁੰਦੇ ਹਨ ਅਤੇ ਇਹ ਪ੍ਰਛਾਵੇਂ ਹਮੇਸ਼ਾ ਗੋਲ ਹੁੰਦੇ ਹਨ। ਇਹ ਸਿਰਫ਼ ਤਾਂ ਹੀ ਗੋਲ ਹੋ ਸਕਦੇ ਹਨ ਜੇ ਧਰਤੀ ਗੋਲਾ ਹੈ। ਜੇ ਧਰਤੀ ਪਲੇਟ ਦੀ ਤਰ੍ਹਾਂ ਹੁੰਦੀ ਤਾਂ ਇਹ ਪ੍ਰਛਾਵੇਂ ਗੋਲ ਹੋਣ ਦੀ ਬਜਾਏ ਅੰਡਾਕਾਰ ਹੁੰਦੇ।
2. ਧਰੁਵਾਂ ਦੀ ਯਾਤਰਾ ਕਰਨ ਵਾਲੇ ਯਾਤਰੀ ਜਾਣਦੇ ਸਨ ਕਿ ਧਰੁਵ ਤਾਰਾ, ਦੱਖਣ ਵਿੱਚ ਨੀਵਾਂ ਹੁੰਦਾ ਹੈ ਅਤੇ ਉੱਤਰ ਵਿੱਚ ਉੱਚਾ ਹੁੰਦਾ ਜਾਂਦਾ ਹੈ।
ਬਾਅਦ ਵਿੱਚ ਕੁਝ ਹੋਰ ਯੂਨਾਨੀਆਂ ਨੇ ਇਸਦੀ ਪੁਸ਼ਟੀ ਲਈ ਤੀਜੀ ਦਲੀਲ ਵੀ ਦੇ ਦਿੱਤੀ ਸੀ ਕਿ ਸਮੁੰਦਰ ਵਿੱਚੋਂ ਜਹਾਜ਼ ਦੀ ਚਿਮਨੀ ਪਹਿਲਾਂ ਨਜ਼ਰ ਆਉਂਦੀ ਹੈ ਬਾਅਦ ਵਿੱਚ ਜਹਾਜ਼ ਦਾ ਹੇਠਲਾ ਭਾਗ ਨਜ਼ਰ ਆਉਂਦਾ ਹੈ। ਜੇ ਧਰਤੀ ਗੋਲ ਨਾ ਹੁੰਦੀ ਤਾਂ ਪੂਰਾ ਜਹਾਜ਼ ਹੀ ਪਹਿਲਾਂ ਨਜ਼ਰ ਆਉਣਾ ਸੀ। ਕਾਪਰੀਨਿਕਸ ਨੇ 1514 ਵਿੱਚ ਇਹ ਘੋਸ਼ਣਾ ਕਰ ਦਿੱਤੀ ਸੀ ਕਿ ਸਾਡੀ ਪ੍ਰਿਥਵੀ ਸੂਰਜ ਦੁਆਲੇ ਘੁੰਮਦੀ ਹੈ। ਇਸ ਤੋਂ ਪਹਿਲਾਂ ਇਹ ਵਿਸ਼ਵਾਸ਼ ਕੀਤਾ ਜਾਂਦਾ ਸੀ ਕਿ ਸੂਰਜ ਸਾਡੀ ਧਰਤੀ ਦੁਆਲੇ ਘੁੰਮਦਾ ਹੈ ਕੈਪਲਰ ਅਤੇ ਗਲੇਲੀਓ ਨੇ ਕਾਪਰਨਿਕਸ ਦੇ ਇਹਨਾਂ ਵਿਚਾਰਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ । 1609 ਵਿੱਚ ਦੂਰਬੀਨ ਦੀ ਖੋਜ਼ ਨਾਲ ਇਸ ਸੰਬਧੀ ਸਾਰੇ ਭਰਮ ਮਿਟ ਗਏ। ਪਰ ਅੱਜ ਦੇ ਵਿਗਿਆਨਕਾਂ ਨੇ ਆਪਣੇ ਨਵੀਨਤਮ ਉਪਕਰਨਾਂ ਦੀ ਸਹਾਇਤਾ ਨਾਲ ਧਰਤੀ ਦੇ ਗੋਲ ਹੋਣ ਨੂੰ ਪੂਰੀ ਤਰ੍ਹਾਂ ਸਿੱਧ ਕਰ ਦਿੱਤਾ ਹੈ।
ਮਨੁੱਖੀ ਹੱਥਾਂ ਨੇ ਧਰਤੀ ਦਾ ਚੱਪਾ ਚੱਪਾ ਛਾਣ ਮਾਰਿਆ ਹੈ। ਸਾਡੀ ਧਰਤੀ ਛੇ ਹਜ਼ਾਰ ਤਿੰਨ ਸੌ ਅਠੱਤਰ ਕਿਲੋਮੀਟਰ ਅਰਧ ਵਿਆਸ ਦਾ ਇੱਕ ਗੋਲਾ ਹੈ। ਜਿਹੜਾ ਧਰੁਵਾਂ ਤੋਂ ਇੱਕੀ ਕਿਲੋਮੀਟਰ ਅੰਦਰ ਨੂੰ ਧਸਿਆ ਹੈ। ਜਿਸ ਕਾਰਨ ਧਰਤੀ ਦੇ ਆਮ ਤਲ ਤੋਂ ਨੀਵੇਂ ਇਹਨਾਂ ਇਲਾਕਿਆਂ ਵਿੱਚ ਛੇ ਮਹੀਨੇ ਦਾ ਦਿਨ ਤੇ ਛੇ ਮਹੀਨੇ ਦੀ ਰਾਤ ਹੁੰਦੀ ਹੈ। ਧਰਤੀ ਦਾ ਇਕਹੱਤਰ ਪ੍ਰਤੀਸ਼ਤ ਭਾਗ ਪਾਣੀ ਨਾਲ ਢਕਿਆ ਹੋਇਆ ਹੈ ਤੇ ਸਿਰਫ਼ ਉਨੱਤੀ ਪ੍ਰਤੀਸ਼ਤ ਭਾਗ ਖੁਸ਼ਕ ਹੈ। ਇਸਦੇ ਖੁਸ਼ਕ ਭਾਗ ਉੱਤੇ ਪਹਾੜ, ਰੇਗਿਸਤਾਨ, ਮੈਦਾਨ ਤੇ ਜੰਗਲ ਹਨ। ਧਰਤੀ ਦੇ ਕੁਝ ਭਾਗ ਅਜਿਹੇ ਵੀ ਹਨ ਜਿੱਥੇ ਹਮੇਸ਼ਾ ਬਰਫ਼ ਜੰਮੀ ਰਹਿੰਦੀ ਹੈ।
ਅੱਜ ਤੋਂ ਚਾਰ ਸੌ ਸੱਠ ਕਰੋੜ ਵਰੇ੍ਹ ਪਹਿਲਾਂ ਹੋਂਦ ਵਿੱਚ ਆਈ ਸਾਡੀ ਧਰਤੀ ਦਾ ਕੁੱਲ ਭਾਰ ਛੇ ਸੌ ਸਤਵੰਜਾ ਮਹਾਂ ਸੰਖ ਟਨ ਹੈ। ਧਰਤੀ ਤੋਂ ਜੇ ਅਸੀਂ ਉੱਪਰ ਵੱਲ ਨੂੰ ਜਾਈਏ ਤਾਂ ਇਸਦੇ ਪਹਿਲੇ ਪੰਦਰਾਂ ਕਿਲੋਮੀਟਰ ਦੀ ਉਚਾਈ ਤੱਕ ਨਾਈਟ੍ਰੋਜਨ, ਆਕਸੀਜਨ, ਕਾਰਬਨਡਾਈਆਕਸਾਈਡ, ਧੂੜ ਦੇ ਕਣ ਜਲ ਵਾਸ਼ਪ ਤੇ ਧੂੰਆਂ ਆਦਿ ਹੁੰਦਾ ਹੈ। ਸੌਲਾਂ ਕਿਲੋਮੀਟਰ ਤੋਂ ਅੱਸੀ ਕਿਲੋਮੀਟਰ ਦੀ ਉਚਾਈ ਤੱਕ ਉਜੋਨ ਨਾਂ ਦੀ ਗੈਸ ਭਰੀ ਹੋਈ ਹੈ। ਇਹ ਗੈਸ ਧਰਤੀ ਤੇ ਜੀਵ ਜੰਤੂਆਂ ਦੀ ਹੋਂਦ ਲਈ ਅਤਿ ਜ਼ਰੂਰੀ ਹੈ ਕਿਉਂਕਿ ਇਹ ਗੈਸ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੀ ਹੈ। ਜੇ ਇਹ ਗੈਸ ਨਾ ਹੁੰਦੀ ਤਾਂ ਸੂਰਜ ਤੋਂ ਆਉਣ ਵਾਲੀਆਂ ਇਹਨਾਂ ਖਤਰਨਾਕ ਕਿਰਨਾਂ ਨੇ ਧਰਤੀ ਤੇ ਉਪਲਬਧ ਜੀਵਨ ਨੂੰ ਖਤਮ ਕਰ ਦੇਣਾ ਸੀ। ਅੱਜ ਵੀ ਕੀੜੇ ਮਾਰ ਦਵਾਈਆਂ ਦੀ ਭਰਮਾਰ ਤੇ ਰਸਾਇਣਕ ਉਦਯੋਗਾਂ ਵਿੱਚ ਨਿਕਲਣ ਵਾਲਾ ਧੂੰਆਂ ਇਸ ਉਜੋਨ ਦੇ ਗਿਲਾਫ਼ ਵਿੱਚ ਸੁਰਾਖ ਪੈਦਾ ਕਰ ਰਹੇ ਹਨ। ਧਰਤੀ ਲਈ ਇਹ ਸਭ ਤੋਂ ਵਿਨਾਸ਼ਕਾਰੀ ਘਟਨਾ ਹੈ ਕਿਉਂਕਿ ਮਨੁੱਖ ਆਪਣੇ ਪੈਰਾਂ ਨੂੰ ਖੁਦ ਹੀ ਕੁਹਾੜੇ ਨਾਲ ਵੱਢ ਰਿਹਾ ਹੈ। ਧਰਤੀ ਦੇ ਉਤਾਂਹ ਵੱਲ ਓਜੋਨ ਦੀ ਤਹਿ ਉੱਪਰ ਇੱਕ ਹਜ਼ਾਰ ਪੰਜਾਹ ਕਿਲੋਮੀਟਰ ਦੀ ਉਚਾਈ ਤੱਕ ਹਵਾ ਦੇ ਵਿਰਲੇ ਵਿਰਲੇ ਕਣ ਮੌਜੂਦ ਹਨ। ਧਰਤੀ ਦੇ ਵਾਯੂਮੰਡਲ ਵਿੱਚ ਵੀਹ ਪ੍ਰਤੀਸ਼ਤ ਆਕਸੀਜਨ ਹੈ ਜੋ ਪੌਦਿਆਂ ਤੇ ਜੰਤੂਆਂ ਦੇ ਸਾਹ ਲੈਣ ਲਈ ਅਤੀ ਜ਼ਰੂਰੀ ਹੈ। ਹਵਾ ਵਿਚਲੀ ਕਾਰਬਨ ਡਾਈ ਆਕਸਾਈਡ ਦੀ ਥੋੜ੍ਹੀ ਜਿਹੀ ਮਾਤਰਾ ਪੌਦਿਆਂ ਦੀ ਖੁਰਾਕ ਲਈ ਅਤਿਅੰਤ ਲੋੜੀਂਦਾ ਪਦਾਰਥ ਹੈ। ਧਰਤੀ ਤੇ ਉਪਲਬਧ ਸਭ ਤੋਂ ਵੱਡਾ ਯੋਗਿਕ ਪਾਣੀ ਹੈ ਜੋ ਹਾਈਡੋ੍ਰਜਨ ਦੇ ਦੋ ਭਾਗਾਂ ਤੇ ਆਕਸੀਜਨ ਦੇ ਇੱਕ ਭਾਗ ਨੂੰ ਮਿਲਾਉਣ ਤੇ ਬਣਦਾ ਹੈ।

Exit mobile version