Site icon Tarksheel Society Bharat (Regd.)

ਸੂਰਜੀ ਪ੍ਰੀਵਾਰ

ਮੇਘ ਰਾਜ ਮਿੱਤਰ

ਕਿਸੇ ਤਾਰੇ ਦੁਆਲੇ ਚੱਕਰ ਲਾਉੁਣ ਵਾਲੇ ਪਿੰਡਾਂ ਨੂੂੰ ਗ੍ਰਹਿ ਅਤੇ ਕਿਸੇ ਗ੍ਰਹਿ ਦੁਆਲੇ ਚੱਕਰ ਲਾਉੁਣ ਵਾਲੇ ਪਿੰਡਾਂ ਨੂੂੰ ਉੁੱਪ ਗ੍ਰਹਿ ਜਾਂ ਚੰਦਰਮਾ ਕਿਹਾ ਜਾਂਦਾ ਹੈ, ਜਿਵੇਂ ਪਹਿਲਾਂ ਹੀ ਵਰਨਣ ਕੀਤਾ ਜਾ ਚੁੱਕਿਆ ਹੈ ਕਿ ਸੂਰਜੀ ਪ੍ਰੀਵਾਰ ਵਿੱਚ ਨੌ ਗ੍ਰਹਿ, ਛਿਆਲੀ ਉਪਗ੍ਰਹਿ, ਇੱਕ ਹਜ਼ਾਰ ਛੇ ਸੌ ਤੋਂ ਵੱਧ ਲਘੂ ਗ੍ਰਹਿ, ਪੂਛਲ ਤਾਰੇ ਤੇ ਉਲਕਾਵਾਂ ਸ਼ਾਮਿਲ ਹਨ। ਇਹ ਸਾਰੇ ਗ੍ਰਹਿ ਸੂਰਜ ਦੁਆਲੇ ਨਿਸ਼ਚਿਤ ਸਮੇਂ ਵਿੱਚ ਚੱਕਰ ਲਾਉਂਦੇ ਰਹਿੰਦੇ ਹਨ। ਆਉ ਹੁਣ ਅਸੀਂ ਇਹਨਾਂ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ।

ਬੁੱਧ
ਇਹ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਹੈ। ਇਸ ਲਈ ਹੀ ਇਸਨੂੰ ਇੱਕ ਚੱਕਰ ਲਾਉਣ ਵਿੱਚ ਸਿਰਫ਼ ਅਠਾਸੀ ਦਿਨ ਲੱਗਦੇ ਹਨ। ਆਪਣੀ ਧੁਰੀ ਦੁਆਲੇ ਵੀ ਇਹ ਚੱਕਰ ਅਠਾਸੀ ਦਿਨ ਵਿੱਚ ਹੀ ਪੂਰਾ ਕਰਦਾ ਹੈ। ਇਸ ਲਈ ਇਸਦਾ ਇੱਕ ਸਾਲ ਧਰਤੀ ਦੇ ਅਠਾਸੀ ਦਿਨ ਦੇ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਬੁੱਧ ਹੀ ਸਾਡੇ ਗ੍ਰਹਿ ਮੰਡਲ ਦਾ ਇੱਕੋ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਦਿਨ ਤੇ ਸਾਲ ਦਾ ਸਮਾਂ ਬਰਾਬਰ ਹੁੰਦਾ ਹੈ। ਸੂਰਜ ਦੇ ਬਹੁਤ ਨੇੜੇ ਹੋਣ ਕਾਰਨ ਇਸ ਤੇ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ। ਇਸ ਉੱਤੇ ਪਾਣੀ, ਆਕਸੀਜਨ ਤੇ ਵਾਯੂਮੰਡਲ ਦਾ ਵੀ ਨਾਮੋ ਨਿਸ਼ਾਨ ਨਹੀਂ ਹੈ। ਇਹਨਾਂ ਕਾਰਨਾਂ ਕਰਕੇ ਇਸ ਤੇ ਜੀਵਾਂ ਦੀ ਕਿਸੇ ਵੀ ਜਾਤੀ ਦੀ ਹੋਂਦ ਦਾ ਕੋਈ ਸੁਆਲ ਹੀ ਪੈਦਾ ਨਹੀਂ ਹੁੰਦਾ। ਇਸ ਗ੍ਰਹਿ ਦਾ ਭਾਰ ਘੱਟ ਹੋਣ ਕਾਰਨ ਗੁਰੂਤਾ ਆਕਰਸ਼ਨ ਵੀ ਘੱਟ ਹੈ। ਇਸ ਲਈ ਗ੍ਰਹਿ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੈਦਾ ਹੋਈਆਂ ਗੈਸਾਂ ਨੂੰ ਇਹ ਗ੍ਰਹਿ ਸੰਭਾਲ ਕੇ ਨਾ ਰੱਖ ਸਕਿਆ ਹੈ ਇਹ ਗੈਸਾਂ ਪੁਲਾੜ ਵਿੱਚ ਖਿੱਲਰ ਗਈਆਂ। ਜੇ ਧਰਤੀ ਤੇ ਤੁਹਾਡਾ ਭਾਰ ਸੱਠ ਕਿਲੋ ਹੈ ਤਾਂ ਇਸ ਗ੍ਰਹਿ ਤੇ ਤੁਹਾਡਾ ਵਜ਼ਨ ਸਿਰਫ਼ ਪੰਦਰਾਂ ਕਿਲੋ ਰਹਿ ਜਾਵੇਗਾ। ਇਸ ਗ੍ਰਹਿ ਤੇ ਪਹੁੰਚ ਕੇ ਤੁਹਾਨੂੰ ਉੱਚੀਆਂ ਛਾਲਾਂ ਮਾਰਨ ਵਿੱਚ ਬਹੁਤ ਹੀ ਆਨੰਦ ਆਵੇਗਾ। ਕੰਧਾਂ ਕੋਠਿਆਂ ਦੇ ਬਰਾਬਰ ਦੀਆਂ ਉਚਾਈਆਂ ਤੁਸੀਂ ਆਰਾਮ ਨਾਲ ਹੀ ਇਸ ਗ੍ਰਹਿ ਤੇ ਟੱਪ ਸਕਦੇ ਹੋ।

ਸ਼ੁੱਕਰ
ਸੂਰਜ ਮੰਡਲ ਦੇ ਦੂਸਰੇ ਗ੍ਰਹਿ ਦਾ ਨਾਂ ਸ਼ੁੱਕਰ ਹੈ। ਇਹ ਦੋ ਸੋ ਪੱਚੀ ਦਿਨਾਂ ਵਿੱਚ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਦਾ ਹੈ। ਇਸ ਲਈ ਇਸਦਾ ਸਾਲ ਧਰਤੀ ਦੇ ਦੋ ਸੋ ਪੱਚੀ ਦਿਨਾਂ ਦੇ ਬਰਾਬਰ ਹੁੰਦਾ ਹੈ। ਆਪਣੇ ਧੁਰੇ ਦੁਆਲੇ ਇੱਕ ਚੱਕਰ ਬਾਰਾਂ ਦਿਨ ਵਿੱਚ ਪੂਰਾ ਕਰਦਾ ਹੈ। ਇਹ ਆਕਾਰ ਵਿੱਚ ਲੱਗਭੱਗ ਸਾਡੀ ਧਰਤੀ ਜਿੱਡਾ ਹੀ ਹੈ। ਸੂਰਜ ਦੇ ਨਜ਼ਦੀਕ ਹੋਣ ਅਤੇ ਦਿਨ ਵੱਡੇ ਹੋਣ ਕਾਰਨ ਇੱਥੇ ਵੀ ਬੇਹੱਦ ਗਰਮੀ ਪੈਂਦੀ ਹੈ। ਰਾਤਾਂ ਲੰਬੀਆਂ ਹੋਣ ਕਰਕੇ ਸਰਦੀ ਦੀ ਵੀ ਕੋਈ ਸੀਮਾ ਨਹੀਂ ਰਹਿੰਦੀ। ਗਰਮੀ ਤੇ ਠੰਡ ਦੀਆਂ ਅਜਿਹੀਆਂ ਹਾਲਤਾਂ ਵਿੱਚ ਜੀਵ ਜੰਤੂ ਕਿਵੇਂ ਰਹਿ ਸਕਦੇ ਹਨ। ਸੂਰਜ ਤੋਂ ਇਸਦੀ ਦੂਰੀ ਦਸ ਕਰੋੜ ਬਹੱਤਰ ਲੱਖ ਕਿਲੋਮੀਟਰ ਹੈ। ਇਸ ਦੇ ਆਪਣੇ ਦੁਆਲੇ ਗੰਧਕ ਦੇ ਤੇਜ਼ਾਬ ਦੇ ਜੰਮੇ ਹੋਏ ਬੱਦਲ ਹਨ ਅਤੇ ਇਹ ਗ੍ਰਹਿ ਚੱਟਾਨਾਂ ਤੇ ਜਵਾਲਾ ਮੁਖੀਆਂ ਨਾਲ ਭਰਿਆ ਹੋਇਆ ਹੈ।

ਪ੍ਰਿਥਵੀ
ਸਾਡੀ ਧਰਤੀ ਸੂਰਜ ਦਾ ਤੀਸਰਾ ਗ੍ਰਹਿ ਹੈ। ਇਸ ਧਰਤੀ ਤੇ ਅਸੀਂ ਰਹਿੰਦੇ ਹਾਂ। ਇਸ ਲਈ ਇਹ ਸਾਡੇ ਲਈ ਬਹੁਤ ਹੀ ਮਹੱਤਵਪੂਰਣ ਹੈ। ਇਸ ਕਰਕੇ ਇਸ ਗ੍ਰਹਿ ਬਾਰੇ ਜਾਣਕਾਰੀ ਤੁਸੀਂ ਅਗਲੇ ਕੁਝ ਪੰਨਿਆਂ ਵਿੱਚ ਪੜੋਗੇ। ਧਰਤੀ ਦਾ ਇੱਕੋ ਕੁਦਰਤੀ ਉਪਗ੍ਰਹਿ ਚੰਨ ਹੈ ਜੋ ਸਾਡੀ ਧਰਤੀ ਦੁਆਲੇ ਚੱਕਰ ਲਾਉਂਦਾ ਰਹਿੰਦਾ ਹੈ। ਆਉ ਇਸ ਦੀ ਯਾਤਰਾ ਵੀ ਕਰੀਏ ਅਤੇ ਵੇਖੀਏ ਕਿ ਇਸ ਉੱਤੇ ਕੀ ਹੋ ਰਿਹਾ ਹੈ। ਚੰਨ ਧਰਤੀ ਤੋਂ ਤਿੰਨ ਲੱਖ ਚੁਰਾਸੀ ਹਜ਼ਾਰ ਕਿਲੋਮੀਟਰ ਦੀ ਦੂਰੀ ਤੇ ਹੈ ਇਸ ਲਈ ਪ੍ਰਕਾਸ਼ 1.33 ਸੈਕਿੰਡ ਵਿੱਚ ਧਰਤੀ ਤੋਂ ਚੰਦਰਮਾ ਅਤੇ ਚੰਦਰਮਾ ਤੋਂ ਧਰਤੀ ਤੇ ਪੁੱਜ ਜਾਂਦਾ ਹੈ। ਚੰਨ ਧਰਤੀ ਦੁਆਲੇ ਇੱਕ ਚੱਕਰ ਉਨੱਤੀ ਦਿਨ ਬਾਰ੍ਹਾਂ ਘੰਟੇ ਤੇ ਚੁਤਾਲੀ ਮਿੰਟ ਵਿੱਚ ਪੂਰਾ ਕਰਦਾ ਹੈ। ਜਦੋਂ ਇਹ ਘੁੰਮਦਾ ਹੋਇਆ ਧਰਤੀ ਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਤਾਂ ਧਰਤੀ ਦੇ ਵਸਨੀਕਾਂ ਨੂੰ ਸੂਰਜ ਦਾ ਕੁਝ ਭਾਗ ਵਿਖਾਈ ਦੇਣੋਂ ਬੰਦ ਹੋ ਜਾਂਦਾ ਹੈ। ਇਸ ਨੂੰ ਸੂਰਜ ਗ੍ਰਹਿਣ ਆਖਦੇ ਹਨ। ਕਿਉਂਕਿ ਚੰਦ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ ਅਤੇ ਇਹ ਸਿਰਫ਼ ਸੂਰਜ ਦੇ ਪ੍ਰਕਾਸ਼ ਕਰਕੇ ਹੀ ਵਿਖਾਈ ਦਿੰਦਾ ਹੈ। ਇਸ ਕਾਰਨ ਜਦੋਂ ਧਰਤੀ, ਸੂਰਜ ਤੇ ਚੰਦ ਦੇ ਵਿਚਕਾਰ ਆ ਜਾਂਦੀ ਹੈ ਤਾਂ ਇਹ ਸੂਰਜ ਦੀਆਂ ਕਿਰਨਾਂ ਨੂੰ ਚੰਦ ਤੇ ਪੈਣੋਂ ਰੋਕ ਲੈਂਦੀ ਹੈ। ਇਸ ਲਈ ਧਰਤੀ ਦੇ ਲੋਕਾਂ ਨੂੰ ਚੰਦ ਦਾ ਕੁਝ ਭਾਗ ਵਿਖਾਈ ਦੇਣੋਂ ਹਟ ਜਾਂਦਾ ਹੈ। ਇਸ ਨੂੰ ਚੰਦ ਗ੍ਰਹਿਣ ਕਿਹਾ ਜਾਂਦਾ ਹੈ। ਚੰਦਰਮਾ ਦੀ ਗੁਰੂਤਾ ਆਕਰਸ਼ਣ ਸ਼ਕਤੀ ਬਹੁਤ ਹੀ ਘੱਟ ਹੈ। ਜਿਸ ਵਿਅਕਤੀ ਦਾ ਭਾਰ ਧਰਤੀ ਤੇ ਸੱਠ ਕਿਲੋ ਹੈ ਚੰਦਰਮਾ ਤੇ ਉਸਦਾ ਭਾਰ ਸਿਰਫ਼ ਦਸ ਕਿਲੋ ਹੁੰਦਾ ਹੈ। ਚੰਦਰਮਾ ਤੇ ਵਾਯੂਮੰਡਲ ਨਹੀਂ ਹੈ ਇਸ ਲਈ ਕੋਈ ਵੀ ਜੀਵ ਜੰਤੂ ਇਸ ਤੇ ਕੁਦਰਤੀ ਹਾਲਤਾਂ ਵਿੱਚ ਜਿਉਂਦਾ ਨਹੀਂ ਰਹਿ ਸਕਦਾ। ਕਿਉਂਕਿ ਆਵਾਜ਼ ਦੇ ਚੱਲਣ ਲਈ ਹਵਾ ਵਰਗੇ ਕਿਸੇ ਮਾਧਿਅਮ ਦੀ ਲੋੜ ਹੁੰਦੀ ਹੈ। ਮਾਧਿਅਮ ਨਾ ਹੋਣ ਕਰਕੇ ਚੰਦਰਮਾ ਤੇ ਗੱਲਬਾਤ ਸਿੱਧੀ ਨਹੀਂ ਕੀਤੀ ਜਾ ਸਕਦੀ ਹੈ। ਪਰ ਵਾਇਰਲੈਸ ਰਾਹੀਂ ਗੱਲਬਾਤ ਕੀਤੀ ਜਾ ਸਕਦੀ ਹੈ। ਨੀਲ ਆਰਮ ਸਟਰਾਂਗ ਤੇ ਐਲਡਰੀਨ ਨਾਂ ਦੇ ਦੋ ਅਮਰੀਕੀ ਪੁਲਾੜ ਯਾਤਰੀ 21 ਜੁਲਾਈ 1969 ਨੂੰ ਚੰਦਰਮਾ ਤੇ ਪੈਰ ਰੱਖਣ ਵਾਲੇ ਪਹਿਲੇ ਵਿਅਕਤੀ ਸਨ। ਵਿਗਿਆਨੀਆਂ ਨੇ ਚੰਨ ਬਾਰੇ ਜਿਹੜੀਆਂ ਗੱਲਾਂ ਧਰਤੀ ਤੇ ਬੈਠਿਆਂ ਹੀ ਦੱਸ ਦਿੱਤੀਆਂ ਸਨ ਉਹ ਪੁਲਾੜ ਯਾਤਰੀਆਂ ਦੇ ਉੱਥੇ ਉਤਰਨ ਸਮੇਂ ਠੀਕ ਸਿੱਧ ਹੋਈਆਂ। ਲਗਭੱਗ ਚਾਰ ਸੌ ਸੱਠ ਕਰੋੜ ਵਰੇ੍ਹ ਪਹਿਲਾਂ ਇੱਕ ਮੰਗਲ ਗ੍ਰਹਿ ਦੇ ਆਕਾਰ ਦਾ ਕੋਈ ਆਕਾਸ਼ੀ ਪਿੰਡ ਸੋਲਾਂ ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਨਾਲ ਟਕਰਾ ਗਿਆ। ਇਸ ਦੇ ਟਕਰਾਉਣ ਕਾਰਨ ਚੰਦਰਮਾ ਧਰਤੀ ਨਾਲੋਂ ਅਲੱਗ ਹੋ ਗਿਆ। ਸਮੁੱਚੀ ਧਰਤੀ ਪਿਘਲ ਗਈ। ਲੋਹਾ ਤੇ ਨਿਕਲ ਭਾਰੇ ਹੋਣ ਕਾਰਨ ਇਸ ਦੇ ਕੇਂਦਰ ਤੇ ਚਲੇ ਗਏ। ਹਲਕੇ ਪਦਾਰਥ ਇਸਦੇ ਤਲ ਤੇ ਆ ਗਏ। ਜਿਹਨਾਂ ਨਾਲ ਇਸਦੀ ਉਪਰਲੀ ਧਰਾਤਲ ਬਣ ਗਈ। ਚੰਦਰਮਾ ਦੇ ਤਲ ਤੇ ਇਸ ਟਕਰਾਉ ਦੇ ਸਪਸ਼ਟ ਚਿੰਨ ਅੱਜ ਵੀ ਮੌਜੂਦ ਹਨ। ਟਕਰਾਉਣ ਵਾਲਾ ਗ੍ਰਹਿ ਖੁਦ ਵੀ ਟੁਕੜੇ ਟੁਕੜੇ ਹੋ ਗਿਆ। ਬਹੁਤ ਸਾਰੀਆਂ ਉਲਕਾਂ ਪੱਥਰ ਜੋ ਅਕਸਰ ਧਰਤੀ ਤੇ ਡਿੱਗਦੇ ਹੀ ਰਹਿੰਦੇ ਹਨ ਉਸੇ ਗ੍ਰਹਿ ਦੇ ਟੁਕੜੇ ਹਨ।

ਮੰਗਲ
ਮੰਗਲ ਸਾਡੇ ਗ੍ਰਹਿ ਮੰਡਲ ਦਾ ਚੌਥਾ ਗ੍ਰਹਿ ਹੈ। ਇਹ ਗ੍ਰਹਿ ਸਾਡੀ ਧਰਤੀ ਤੋ ਸੱਤ ਕਰੋੜ ਕਿਲੋਮੀਟਰ ਦੀ ਦੂਰੀ ਤੇ ਹੈ। ਕਿਉਂਕਿ ਸਾਰੇ ਗ੍ਰਹਿ ਸੂਰਜ ਦੁਆਲੇ ਚੱਕਰ ਅੰਡਾਕਾਰ ਪੱਥਾਂ ਵਿੱਚ ਹੀ ਲਾਉਂਦੇ ਹਨ। ਇਸ ਲਈ ਸੂਰਜ ਜਾਂ ਧਰਤੀ ਤੋਂ ਇਹਨਾਂ ਦੀ ਦੂਰੀ ਸਥਿਰ ਨਹੀਂ ਰਹਿੰਦੀ। ਪਰ 1995 ਵਿੱਚ ਇਹ ਗ੍ਰਹਿ ਸਾਥੋਂ ਸਿਰਫ਼ ਸਾਢੇ ਪੰਜ ਕਰੋੜ ਕਿਲੋਮੀਟਰ ਦੀ ਦੂਰੀ ਤੇ ਸੀ। ਸਾਡੀ ਧਰਤੀ ਦਾ ਸਿਰਫ਼ ਇੱਕੋ ਚੰਨ ਹੈ, ਪਰ ਮੰਗਲ ਤਾਂ ਅਜਿਹੇ ਦੋ ਚੰਨ ਲਈ ਬੈਠਾ ਹੈ। ਇਸ ਗ੍ਰਹਿ ਦਾ ਰੰਗ ਲਾਲ ਹੈ। ਧਰਤੀ ਤੋਂ ਸੂਰਜ ਦੀ ਦੂਰੀ ਦੇ ਮੁਕਾਬਲੇ ਮੰਗਲ ਦੀ ਸੂਰਜ ਤੋਂ ਦੂਰੀ ਵੱਧ ਹੈ। ਇਸ ਲਈ ਇਸ ਗ੍ਰਹਿ ਤੇ ਤਾਪਮਾਨ ਧਰਤੀ ਨਾਲੋਂ ਘੱਟ ਹੈ। ਧਰਤੀ ਤੋਂ ਭੇਜਿਆ ਪਾਥ ਫਾਈਂਡਰ ਨਾਂ ਦਾ ਉਪਗ੍ਰਹਿ ਇਸ ਉੱਪਰ ਯਾਤਰਾ ਕਰ ਚੁੱਕਿਆ ਹੈ। ਇਸ ਅਨੁਸਾਰ ਇਸ ਗ੍ਰਹਿ ਤੇ ਪਾਣੀ ਹੈ। ਵਿਗਿਆਨੀਆਂ ਨੂੰ ਟੁੰਡਰਾ ਦੇ ਮੈਦਾਨਾਂ ਵਿੱਚੋਂ ਬਰਫ਼ ਉੱਪਰੋਂ ਚੁੱਕੇ ਗਏ ਉਲਕਾਵਾਂ ਦੇ ਟੁਕੜਿਆਂ ਵਿੱਚੋਂ ਮੰਗਲ ਗ੍ਰਹਿ ਦੀ ਇੱਕ ਉਲਕਾ ਅਜਿਹੀ ਵੀ ਮਿਲੀ ਹੈ ਜਿਸ ਵਿੱਚ ਪ੍ਰਾਚੀਨ ਜੀਵਨ ਦੇ ਅੰਸ਼ ਵਿਖਾਈ ਦੇ ਰਹੇ ਸਨ। ਜਿਸ ਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਮੰਗਲ ਤੇ ਕਿਸੇ ਵੇਲੇ ਇੱਕ ਸੈਲੀ ਜੀਵ ਹੋਂਦ ਵਿੱਚ ਆਏ ਸਨ। ਨਾਸਾ ਵੱਲੋਂ ਛੱਡੇ ਗਏ ਇੱਕ ਉਪਗ੍ਰਹਿ ਨੇ ਜੋ ਤਸਵੀਰਾਂ ਧਰਤੀ ਤੇ ਭੇਜੀਆਂ ਹਨ ਉਹਨਾਂ ਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਕਿਸੇ ਸਮੇਂ ਇਸ ਗ੍ਰਹਿ ਤੇ ਪਾਣੀ ਵਗਦਾ ਰਿਹਾ ਹੈ। ਤਸਵੀਰਾਂ ਦੀ ਘੋਖ ਪੜਤਾਲ ਕਰਨ ਤੇ ਵਿਗਿਆਨੀ ਇਸ ਸਿੱਟੇ ਉੱਪਰ ਪੁੱਜੇ ਹਨ ਕਿ ਮੰਗਲ ਗ੍ਰਹਿ ਤੇ ਪਾਣੀ ਦੁਆਰਾ ਬਣੇ ਵਹਿਣ ਅਤੇ ਡਿੱਗੀਆਂ ਢਿਗਾਂ ਦਰਸਾਉਂਦੀਆਂ ਹਨ ਕਿ ਇਸ ਗ੍ਰਹਿ ਤੇ ਪਾਣੀ ਸੀ ਜੋ ਹੁਣ ਜੰਮਣ ਕਿਨਾਰੇ ਹੈ।

ਬ੍ਰਹਸਪਤੀ
ਸੂਰਜ ਮੰਡਲ ਦਾ ਪੰਜਵਾਂ ਗ੍ਰਹਿ ਬ੍ਰਹਸਪਤੀ ਹੈ। ਇਹ ਸਾਡੇ ਸੂਰਜ ਮੰਡਲ ਦੇ ਸਾਰੇ ਗ੍ਰਹਿਾਂ ਨਾਲੋਂ ਵੱਡਾ ਹੈ। ਇਹ ਪ੍ਰਿਥਵੀ ਨਾਲੋਂ ਸਤਾਰ੍ਹਾਂ ਗੁਣਾ ਭਾਰੀ ਹੈ। ਵੱਧ ਭਾਰ ਕਾਰਨ ਇਸਦੀ ਗੁਰੂਤਾ ਆਕਰਸ਼ਣ ਸ਼ਕਤੀ ਵੀ ਵੱਧ ਹੈ ਇਸ ਲਈ ਸੱਠ ਕਿਲੋ ਭਾਰਾ ਵਿਅਕਤੀ ਇਸ ਗ੍ਰਹਿ ਤੇ ਜਾ ਕੇ ਇੱਕ ਕੁਇੰਟਲ ਚਾਲੀ ਕਿਲੋ ਭਾਰ ਵਾਲਾ ਬਣ ਜਾਂਦਾ ਹੈ। ਵੱਧ ਭਾਰ ਕਾਰਨ ਖਿੱਚ ਸ਼ਕਤੀ ਵਧੇਰੇ ਹੈ ਇਸ ਲਈ ਬਹੁਤ ਸਾਰੇ ਉਲਕਾਪਾਤ ਇਸ ਨਾਲ ਟਕਰਾਉਂਦੇ ਹੀ ਰਹਿੰਦੇ ਹਨ। 1994 ਵਿੱਚ ਸੂ ਮੇਕਰ ਨਾਂ ਦਾ ਬਹੁਤ ਹੀ ਵੱਡੇ ਉਲਕਾ ਪਿੰਡ ਦੇ ਕਈ ਟੁਕੜੇ ਇਸ ਨਾਲ ਟਕਰਾਏ ਸੀ। ਇਸ ਉਲਕਾ ਪਿੰਡ ਨੇ ਧਰਤੀ ਜਿੱਡੇ ਵਿਆਸ ਦੇ ਟੋਏ ਇਸ ਗ੍ਰਹਿ ਤੇ ਪਾ ਦਿੱਤੇ ਸਨ। ਇਹ ਆਕਾਰ ਵਿੱਚ ਧਰਤੀ ਨਾਲੋਂ ਤੇਰ੍ਹਾਂ ਸੌ ਗੁਣਾ ਵੱਡਾ ਹੈ। ਇਸ ਦੇ ਦੁਆਲੇ ਚੱਕਰ ਕੱਟਣ ਵਾਲੇ ਚੰਨਾਂ ਦੀ ਗਿਣਤੀ ਛੇ ਹੈ। ਇਸ ਲਈ ਸਾਲ ਵਿੱਚ ਸਾਢੇ ਚਾਰ ਹਜ਼ਾਰ ਚੰਨ ਗ੍ਰਹਿਣ ਇਸ ਨੂੰ ਲੱਗਦੇ ਹਨ। ਅਜਿਹਾ ਕੋਈ ਸਮਾਂ ਨਹੀਂ ਹੁੰਦਾ ਜਦੋਂ ਇਸ ਗ੍ਰਹਿ ਨੂੰ ਗ੍ਰਹਿਣ ਨਾ ਲੱਗਿਆ ਹੋਵੇ। ਇਹ ਸੂਰਜ ਤੋਂ ਸਤੱਤਰ ਕਰੋੜ ਕਿਲੋਮੀਟਰ ਦੀ ਵਿੱਥ ਤੇ ਹੈ। ਇਸ ਲਈ ਬਹੁਤ ਹੀ ਜ਼ਿਆਦਾ ਠੰਡਾ ਗ੍ਰਹਿ ਹੋਣ ਕਰਕੇ ਬਨਸਪਤੀ ਤੇ ਜੰਤੂ ਇੱਥੇ ਮੌਜੂਦ ਨਹੀਂ ਹਨ। ਇਸ ਗ੍ਰਹਿ ਦਾ ਇੱਕ ਵਰ੍ਹਾ ਸਾਡੀ ਧਰਤੀ ਦੇ ਚਾਰ ਹਜ਼ਾਰ ਤਿੰਨ ਸੌ ਅੱਸੀ ਦਿਨ ਦੇ ਬਰਾਬਰ ਹੈ। ਸੂਰਜ ਤੋਂ ਵੱਧ ਦੂਰੀ ਤੇ ਹੋਣ ਕਾਰਨ ਇਸ ਨੂੰ ਸੂਰਜ ਦੁਆਲੇ ਚੱਕਰ ਪੂਰਾ ਕਰਨ ਲਈ ਵੱਡਾ ਘੇਰਾ ਤੈਅ ਕਰਨਾ ਪੈਂਦਾ ਹੈ। ਇਸ ਕਾਰਨ ਇਸਦਾ ਇੱਕ ਸਾਲ ਧਰਤੀ ਦੇ 11.9 ਸਾਲਾਂ ਦੇ ਬਰਾਬਰ ਹੁੰਦਾ ਹੈ। ਇਸ ਗ੍ਰਹਿ ਤੇ ਇੱਕ ਵੱਡਾ ਲਾਲ ਧੱਬਾ ਹੈ। ਇਹ ਇਸ ਤੇ ਸੈਂਕੜੇ ਵਰਿ੍ਹਆਂ ਤੋਂ ਚੱਲ ਰਹੇ ਕਿਸੇ ਤੂਫਾਨ ਦੀ ਤਸਵੀਰ ਹੈ ਜਿਹੜੀ ਆਕਾਰ ਵਿੱਚ ਧਰਤੀ ਤੋਂ ਦੁੱਗਣੀਹੈ।

ਸ਼ਨੀ
ਸ਼ਨੀ ਸਾਡੇ ਗ੍ਰਹਿ ਮੰਡਲ ਵਿੱਚ ਛੇਵੇਂ ਸਥਾਨ ਤੇ ਹੈ। ਸੂਰਜ ਤੋਂ ਇੱਕ ਅਰਬ ਬਿਆਲੀ ਕਰੋੜ ਕਿਲੋਮੀਟਰ ਦੀ ਦੂਰੀ ਤੇ ਸਥਿਤ ਇਹ ਇੱਕ ਸੁੰਦਰ ਗ੍ਰਹਿ ਹੈ। ਵੱਡੇ ਘੇਰੇ ਕਾਰਨ ਇਸਦਾ ਇੱਕ ਸਾਲ ਦਸ ਹਜ਼ਾਰ ਛੇ ਸੌ ਇਕੱਤੀ ਦਿਨ ਦਾ ਹੁੰਦਾ ਹੈ। ਇਸ ਦੇ ਵੀਹ ਚੰਨ ਹਨ। ਇਸ ਗ੍ਰਹਿ ਦੀ ਸਭ ਤੋਂ ਅਜੀਬ ਗੱਲ ਇਹ ਹੈ ਕਿ ਇਸ ਦੁਆਲੇ ਹਜ਼ਾਰਾਂ ਛੱਲੇ ਹਨ। ਇਹ ਛੱਲੇ ਗੈਸ, ਧੂੜ ਦੇ ਕਣ ਤੇ ਪੱਥਰ ਗੀਟਿਆਂ ਦੇ ਬਣੇ ਹੋਏ ਹਨ। 1921 ਵਿੱਚ ਸ਼ਨੀ ਨੇ ਵਾਰਸ਼ਿਕ ਗਤੀ ਕਰਦਿਆਂ ਸਾਡੇ ਵੱਲੋਂ ਆਪਣਾ ਮੁਖ ਉਲਟੇ ਪਾਸੇ ਕਰ ਲਿਆ ਸੀ ਅਤੇ ਸਾਰੇ ਯੂਰਪ ਵਿੱਚ ਪਾਦਰੀਆਂ ਨੇ ਇਹ ਹਾਲ ਦੁਹਾਈ ਪਾ ਦਿੱਤੀ ਸੀ ਕਿ ‘‘ਇਸਾਈ ਧਰਮ ਦੇ ਪੁਜਾਰੀਉ! ਆਪਣੇ ਭਗਵਾਨ ਨੂੰ ਯਾਦ ਕਰੋ, ਪਰਲੋਂ ਦਾ ਸਮਾਂ ਆਣ ਪੁੱਜਾ ਹੈ।’’ ਪਰ ਅਜਿਹਾ ਕੁੱਝ ਨਾ ਵਾਪਰਿਆ।

ਯੂਰੇਨਸ
ਗਲੈਲੀਓ ਪਹਿਲਾ ਵਿਗਿਆਨਕ ਸੀ ਜਿਸਨੇ 1609 ਵਿੱਚ ਦੂਰਬੀਨ ਦੀ ਪਹਿਲੀ ਵਾਰ ਵਰਤੋਂ ਆਕਾਸ਼ੀ ਪਿੰਡਾਂ ਨੂੰ ਵੇਖਣ ਲਈ ਕੀਤੀ ਸੀ। ਹਰਛਲੇ ਨੇ 1731 ਵਿੱਚ ਇਸ ਗ੍ਰਹਿ ਨੂੰ ਲੱਭਿਆ ਸੀ।
ਸੂਰਜ ਤੋਂ ਦੂਰੀ ਦੇ ਹਿਸਾਬ ਨਾਲ ਇਸਦਾ ਨੰਬਰ ਸੱਤਵਾਂ ਹੈ। ਇਸਦੇ ਪੰਦਰਾਂ ਚੰਦਰਮਾ ਹਨ। ਸੂਰਜ ਤੋਂ ਇੱਕ ਅਰਬ ਅਠੱਤਰ ਕਰੋੜ ਤਿੰਨ ਲੱਖ ਕਿਲੋਮੀਟਰ ਦੀ ਦੂਰੀ ਤੇ ਹੋਣ ਕਰਕੇ ਇਸਨੂੰ ਸੂਰਜ ਦਾ ਇੱਕ ਚੱਕਰ ਪੂਰਾ ਕਰਨ ਲਈ ਚੁਰਾਸੀ ਸਾਲ ਲੱਗ ਜਾਂਦੇ ਹਨ। ਆਪਣੀ ਧੁਰੀ ਦੁਆਲੇ ਸਿਰਫ਼ ਬਾਰਾਂ ਘੰਟਿਆਂ ਵਿੱਚ ਹੀ ਇਹ ਇੱਕ ਚੱਕਰ ਪੂਰਾ ਕਰ ਲੈਂਦਾ ਹੈ। ਇਹ ਪ੍ਰਿਥਵੀ ਨਾਲੋਂ ਵਿਆਸ ਵਿੱਚ ਚਾਰ ਗੁਣਾ ਵੱਡਾ ਹੈ। ਬੇਸ਼ੱਕ ਇਹ ਵੱਡਾ ਹੈ ਪਰ ਇਸ ਦਾ ਭਾਰ ਧਰਤੀ ਤੋਂ ਘੱਟ ਹੋਣ ਕਰਕੇ ਇਸਦੀ ਖਿੱਚ ਸ਼ਕਤੀ ਘੱਟ ਹੈ। ਇੱਥੇ ਹਰ ਚੀਜ਼ ਜੰਮੀ ਹੋਈ ਹਾਲਤ ਵਿੱਚ ਹੀ ਹੈ। ਇਸ ਕਹਿਰਾਂ ਦੀ ਸਰਦੀ ਵਿੱਚ ਭਲਾ ਕੋਈ ਜੰਤੂ ਜਾਂ ਪਰਿੰਦਾ ਯੂਰੇਨਸ ਤੇ ਕਿਵੇਂ ਰਹਿ ਸਕਦਾ ਹੈ ?

ਨੈਪਚੂਨ
ਇਹ ਸਾਡਾ ਅਗਲਾ ਗ੍ਰਹਿ ਹੈ। ਸੂਰਜ ਤੋਂ ਚਾਰ ਸੌ ਕਰੋੜ ਕਿਲੋਮੀਟਰ ਦੀ ਦੂਰੀ ਤੁਹਾਨੂੰ ਇਸਦੇ ਲੰਬੇ ਵਰਿ੍ਹਆਂ ਤੇ ਅੰਤਾਂ ਦੀ ਸਰਦੀ ਦਾ ਅਹਿਸਾਸ ਕਰਵਾ ਦਿੰਦੀ ਹੈ। ਸੂਰਜ ਦੀ ਰੋਸ਼ਨੀ ਹੀ ਪਹੁੰਚਣ ਲਈ ਚਾਰ ਘੰਟੇ ਦਾ ਸਮਾਂ ਲੈ ਲੈਂਦੀ ਹੈ। ਇਸ ਲਈ ਮਨੁੱਖ ਦੁਆਰਾ ਭੇਜੇ ਰਾਕਟ ਤਾਂ ਪੰਦਰਾਂ ਸਾਲਾਂ ਵਿੱਚ ਹੀ ਇੱਥੇ ਪੁੱਜ ਸਕਦੇ ਹਨ। ਇਹ ਸਾਡੀ ਧਰਤੀ ਤੋਂ ਚੌਂਹਟ ਗੁਣਾਂ ਵੱਡਾ ਹੈ। ਸੂਰਜ ਦਾ ਇੱਕ ਚੱਕਰ ਪੂਰਾ ਕਰਨ ਲਈ ਇਹ ਇੱਕ ਸੌ ਪੈਂਹਟ ਸਾਲ ਲਾ ਦਿੰਦਾ ਹੈ। ਨੈਪਚੂਨ ਅੱਠ ਉਪਗ੍ਰਹਿਆਂ ਦਾ ਮਾਲਕ ਵੀ ਹੈ।

ਪਲੂਟੋ
ਸਾਡੇ ਗ੍ਰਹਿਮੰਡਲ ਦਾ ਇਹ ਸਭ ਤੋਂ ਆਖਰੀ ਗ੍ਰਹਿ ਹੈ। ਸੂਰਜ ਤੋਂ ਇਸਦੀ ਦੂਰੀ ਛੇ ਅਰਬ ਕਿਲੋਮੀਟਰ ਹੈ। ਇੱਕ ਸੌ ਤਰਵੰਜਾ ਘੰਟੇ ਵਿੱਚ ਇਹ ਇੱਕ ਚੱਕਰ ਆਪਣੀ ਧੁਰੀ ਦੁਆਲੇ ਤੇ 247.7 ਸਾਲਾਂ ਵਿੱਚ ਇਹ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਦਾ ਹੈ। ਰੋਮ ਨਿਵਾਸੀ ਇਸ ਗ੍ਰਹਿ ਨੂੰ ਪਤਾਲਾਂ ਦਾ ਦੇਵਤਾ ਮੰਨਦੇ ਹਨ। ਇਸ ਗ੍ਰਹਿ ਤੋਂ ਜੇ ਸੂਰਜ ਨੂੰ ਵੇਖਿਆ ਜਾਵੇ ਤਾਂ ਇਹ ਮੋਮਬੱਤੀ ਦੀ ਲਾਟ ਜਿੰਨੇ ਆਕਾਰ ਦਾ ਹੀ ਨਜ਼ਰ ਆਵੇਗਾ। ਇਸਦਾ ਚੰਦਰਮਾ ਸਿਰਫ਼ ਇੱਕ ਹੀ ਹੈ। ਇਹ ਜੰਮੀ ਹੋਈ ਮੀਥੇਨ ਅਤੇ ਪਾਣੀ ਦਾ ਇੱਕ ਗੋਲਾ ਹੈ।

ਲਘੂ ਗ੍ਰਹਿ
ਇਸ ਤਰ੍ਹਾਂ ਅਸੀਂ ਵੇਖ ਚੁੱਕੇ ਹਾਂ ਕਿ ਰਾਹੂ ਤੇ ਕੇਤੂ ਨਾਂ ਦੇ ਕੋਈ ਵੀ ਗ੍ਰਹਿ ਸਾਡੇ ਸੌਰ ਮੰਡਲ ਵਿੱਚ ਨਹੀਂ ਹਨ। ਪਰ ‘‘ਮੱਕਾਰ ਜੋਤਸ਼ੀ’’ ਲੋਕਾਂ ਦੀ ਅਗਿਆਨਤਾ ਦਾ ਫਾਇਦਾ ਉਠਾਉਂਦੇ ਹੋਏ ਇਹਨਾਂ ਕਲਪਿਤ ਗ੍ਰਹਿਆਂ ਦੇ ਡਰ ਰਾਹੀਂ ਹੀ ਲੋਕਾਂ ਦੀ ਅੰਨੇ੍ਹਵਾਹ ਲੁੱਟ ਕਰ ਰਹੇ ਹਨ। ਜਦੋਂ ਅਸੀਂ ਦੂਰਬੀਨਾਂ ਰਾਹੀਂ ਸਾਡੇ ਗ੍ਰਹਿਮੰਡਲ ਨੂੰ ਵੇਖਦੇ ਹਾਂ ਤਾਂ ਸਾਨੂੰ ਇੱਕ ਹਜ਼ਾਰ ਛੇ ਸੌ ਤੋਂ ਵੱਧ ਅਜਿਹੇ ਟੁਕੜੇ ਵਿਖਾਈ ਦਿੰਦੇ ਹਨ ਜਿਹੜੇ ਸ਼ਨੀ ਤੇ ਬ੍ਰਹਿਸਪਤੀ ਦੇ ਵਿਚਕਾਰ ਸੂਰਜ ਦੁਆਲੇ ਚੱਕਰ ਲਾ ਰਹੇ ਹਨ। ਇਹਨਾਂ ਨੂੰ ਲਘੂ ਗ੍ਰਹਿ ਆਖਿਆ ਜਾਂਦਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਸ਼ਨੀ ਤੇ ਬ੍ਰਹਸਪਤੀ ਦੇ ਵਿਚਕਾਰ ਇੱਕ ਅਜਿਹਾ ਹੋਰ ਗ੍ਰਹਿ ਸੀ ਜੋ ਕਿਸੇ ਕਾਰਨ ਟੁਕੜੇ ਟੁਕੜੇ ਹੋ ਗਿਆ। ਇਹਨਾਂ ਲਘੂ ਗ੍ਰਹਿਆਂ ਦੇ ਆਕਾਰ ਚਾਰ ਸੌ ਕਿਲੋਮੀਟਰ ਅਰਧ ਵਿਆਸ ਤੋਂ ਵੀ ਘੱਟ ਹਨ। ਇਹਨਾਂ ਲਘੂ ਗ੍ਰਹਿਆਂ ਤੋਂ ਇਲਾਵਾ ਵੀ ਧਰਤੀ ਦੀ ਖਿੱਚ ਸ਼ਕਤੀ ਤੋਂ ਬਾਹਰ ਉਲਕਾਵਾਂ ਦੇ ਰੂਪ ਵਿੱਚ ਵੱਡੇ ਵੱਡੇ ਪੱਥਰਾਂ ਦੇ ਟੁਕੜੇ ਵੀ ਬੇਤਰਤੀਬੇ ਢੰਗ ਨਾਲ ਘੁੰਮ ਰਹੇ ਹਨ। ਕਈ ਵਾਰੀ ਇਹ ਧਰਤੀ ਦੀ ਖਿੱਚ ਸ਼ਕਤੀ ਦੇ ਅੰਦਰ ਆ ਜਾਂਦੇ ਹਨ ਅਤੇ ਵਾਯੂ ਮੰਡਲ ਨਾਲ ਟਕਰਾ ਕੇ ਇਹਨਾਂ ਦੀ ਰਾਖ ਬਣ ਜਾਂਦੀ ਹੈ ਤੇ ਇਹ ਅਸਮਾਨ ਵਿੱਚ ਚਾਨਣ ਦੀ ਲਕੀਰ ਛੱਡਦੇ ਹੋਏ ਅਲੋਪ ਹੋ ਜਾਂਦੇ ਹਨ। ਕਈ ਵਾਰੀ ਇਹ ਵੱਡੇ ਪੱਥਰ ਬਗੈਰ ਜਲੇ ਵੀ ਧਰਤੀ ਨਾਲ ਟਕਰਾ ਜਾਂਦੇ ਹਨ। ਇਹਨਾਂ ਨੂੰ ਟੁੱਟਦੇ ਤਾਰੇ ਵੀ ਕਿਹਾ ਜਾਂਦਾ ਹੈ।
ਕਈ ਵਾਰੀ ਇਹ ਵੱਡੇ ਵੱਡੇ ਪੱਥਰ ਆਪਸ ਵਿੱਚ ਟਕਰਾ ਕੇ ਬਹੁਤ ਸਾਰੇ ਟੁਕੜਿਆਂ ਵਿੱਚ ਟੁੱਟ ਜਾਂਦੇ ਹਨ ਅਤੇ ਵਾਯੂ ਮੰਡਲ ਵਿੱਚ ਰੌਸ਼ਨੀ ਹੀ ਰੌਸ਼ਨੀ ਹੋ ਜਾਂਦੀ ਹੈ। ਇਹਨਾਂ ਨੂੰ ਉਲਕਾਵਾਂ ਦੀ ਵਰਖਾ ਵੀ ਕਿਹਾ ਜਾਂਦਾ ਹੈ।

ਬੋਦੀ ਵਾਲੇ ਤਾਰੇ
ਇਹ ਵੀ ਸਾਡੇ ਸੂਰਜੀ ਪ੍ਰੀਵਾਰ ਦੇ ਅੰਗ ਹਨ। ਇਹਨਾਂ ਵਿੱਚ ਚੱਟਾਨਾਂ ਧੂੜ ਤੇ ਗੈਸਾਂ ਦੀ ਭਰਮਾਰ ਹੁੰਦੀ ਹੈ। ਸੂਰਜ ਦੀ ਰੌਸ਼ਨੀ ਕਾਰਨ ਹੀ ਇਹਨਾਂ ਦੀ ਪੂਛ ਚਮਕਦੀ ਹੈ। ਇਹ ਕੁਝ ਨਿਸ਼ਚਿਤ ਸਮੇਂ ਬਾਅਦ ਹੀ ਵਿਖਾਈ ਦਿੰਦੇ ਹਨ। ਅਸਮਾਨ ਵਿੱਚ ਇੱਕ ਅਜਿਹਾ ਹੀ ਪੂਛਲ ਤਾਰਾ 1758, 1835, 1910 ਤੇ 1986 ਵਿੱਚ ਵੇਖਿਆ ਗਿਆ ਸੀ। ਇਸਨੂੰ ਹੈਲੇ ਦਾ ਪੂਛਲ ਤਾਰਾ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਪੂਛਲ ਤਾਰੇ ਨੂੰ ਵੇਖਣਾ ਅਸ਼ੁਭ ਮੰਨਿਆ ਜਾਂਦਾ ਸੀ ਤੇ ਕਈ ਅੰਧਵਿਸ਼ਵਾਸ ਇਹਨਾਂ ਤਾਰਿਆਂ ਨਾਲ ਜੋੜੇ ਗਏ ਸਨ। ਪਰ ਅੱਜ ਕੱਲ ਲੋਕ ਇਹਨਾਂ ਬਾਰੇ ਫਿਕਰਮੰਦ ਨਹੀਂ ਹਨ ਕਿਉਂਕਿ ਸਾਡੀ ਧਰਤੀ ਇਹਨਾਂ ਪੂਛਲ ਤਾਰਿਆਂ ਦੀ ਪੂਛ ਵਿੱਚੋਂ ਕਈ ਵਾਰੀ ਲੰਘ ਚੁੱਕੀ ਹੈ। ਮਨੁੱਖ ਦੁਆਰਾ ਭੇਜੇ ਰਾਕਟਾਂ ਨੇ ਵੀ ਇਹਨਾਂ ਦੀਆਂ ਪੂਛਾਂ ਵਿੱਚੋਂ ਲੰਘ ਕੇ ਸਫ਼ਰ ਕੀਤਾ ਹੈ।

Exit mobile version