ਨਜ਼ਦੀਕੀ ਪਿੰਡ ਕਰਮਗੜ ਵਿੱਚ ਤਰਕਸ਼ੀਲ ਮੇਲੇ ਦਾ ਆਯੋਜਨ
ਬਰਨਾਲਾ, 28 ਜਨਵਰੀ
ਲੋਕਾਂ ਨੂੰ ਅੰਧ ਵਿਸ਼ਵਾਸ਼ਾਂ ਖਿਲਾਫ਼ ਹੋਕਾ ਦੇਣ ਲਈ ਇੱਕ ਤਰਕਸ਼ੀਲ ਮੇਲੇ ਦਾ ਆਯੋਜਨ ਬੀਤੀ ਰਾਤ ਨਜਦੀਕੀ ਪਿੰਡ ਕਰਮਗੜ ਵਿਖੇ ਕੀਤਾ ਗਿਆ, ਤਰਕਸ਼ੀਲ ਸੁਸਾਇਟੀ ਵੱਲੋਂ ਨੌਜਵਾਨ ਭਾਰਤ ਸਭਾ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਲੋਕ ਗਾਇਕ ਜਗਸੀਰ ਜੀਦਾ ਵੱਲੋਂ ਆਪਣੀਆਂ ਤਰਕਸ਼ੀਲ ਬੋਲੀਆਂ ਅਤੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਪਿੰਡ ਦੇ ਸਰਪੰਚ ਅਤੇ ਹੋਰ ਪਤਵੰਤਿਆਂ ਵੱਲੋਂ ਸ਼ਰੂਆਤ ਵਿੱਚ ਗ਼ਦਰ ਲਹਿਰ ਦੇ ਸ਼ਹੀਦ ਰਹਿਮਤ ਅਲੀ ਵਜੀਦਕੇ ਦੀ ਫੋਟੋ ਨੂੰ ਫੁੱਲ ਭੇਂਟ ਕੀਤੇ।
ਤਰਕਸ਼ੀਲ ਲਹਿਰ ਦੇ ਬਾਨੀ ਆਗੂ ਮੇਘ ਰਾਜ ਮਿੱਤਰ ਨੇ ਇਸ ਮੌਕੇ ਲਹਿਰ ਦੀ ਸ਼ੁਰੂਆਤ ਦਾ ਜ਼ਿਕਰ ਕਰਦਿਆਂ ਦੱਸਿਆ ਵੱਖ ਵੱਖ ਤਰਾਂ ਦੀਆਂ ਔਕੜਾਂ ਦੇ ਬਾਵਜੂਦ ਤਰਕਸ਼ੀਲ ਇਸ ਗੱਲ ਲਈ ਯਤਨਸ਼ੀਲ ਹਨ ਕਿ ਪੰਜਾਬ ਦੇ ਲੋਕ ਅੰਧਵਿਸ਼ਵਾਸ਼ਾਂ ਦਾ ਸਹਾਰਾ ਛੱਡਣ ਅਤੇ ਜ਼ਿੰਦਗੀ ਜਿਊਣ ਲਈ ਵਿਗਿਆਨਕ ਢੰਗ ਅਪਨਾਉਣ। ਉਨਾਂ ਤਰਕਸ਼ੀਲਾਂ ਵੱਲੋਂ ਭੂਤਾਂ ਪ੍ਰੇਤਾਂ ਦੇ ਹੱਲ ਕੀਤੇ ਕੇਸਾਂ ਦੀਆਂ ਉਦਾਹਰਣਾਂ ਵੀ ਲੋਕਾਂ ਸਾਹਮਣੇ ਪੇਸ਼ ਕੀਤੀਆਂ। ਤਰਕਸ਼ੀਲ ਸੁਸਾਇਟੀ ਭਾਰਤ ਵੱਲੋਂ ਕਿਸੇ ਵੀ ਕਰਾਮਾਤ ਦੇ ਦਾਅਵੇਦਾਰ ਨੂੰ ਇੱਕ ਕਰੋੜ ਦਾ ਇਨਾਮ ਜਿੱਤਣ ਦੀ ਪੇਸ਼ਕਸ਼ ਵੀ ਸਟੇਜ ਤੋਂ ਕੀਤੀ ਗਈ। ਸ੍ਰੀ ਮਿੱਤਰ ਨੇ ਪਿੰਡ ਵਾਸੀਆਂ ਨੂੰ ਤਰਕਸ਼ੀਲ ਸਾਹਿਤ ਨਾਲ ਵੀ ਜੁੜਣ ਦਾ ਸੱਦਾ ਦਿੱਤਾ।
ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਵੱਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਵਿੱਚ ਪ੍ਰਸਿੱਧ ਤਰਕਸ਼ੀਲ ਨਾਟਕ ‘ਦੇਵ ਪੁਰਸ਼ ਹਾਰ ਗਏ…’ ਦਾ ਮੰਚਨ ਕੀਤਾ ਗਿਆ। ਭਾਜੀ ਗੁਰਸ਼ਰਨ ਸਿੰਘ ਦਾ ਲਿਖਿਆ ਇਹ ਨਾਟਕ ਅੰਧਵਿਸ਼ਵਾਸਾਂ ਦੀ ਆੜ ਵਿੱਚ ਸਧਾਰਣ ਲੋਕਾਂ ਦੀ ਹੁੰਦੀ ਲੁੱਟ ਨੂੰ ਪੇਸ਼ ਕਰਦਾ ਸੀ। ਟੀਮ ਵੱਲੋਂ ਇਸ ਮੌਕੇ ਇੱਕ ਕੋਰਿਓਗ੍ਰਾਫੀ ‘ਅੰਨ ਦਾਤਿਆ ਜਾਗ ਵੀ’ ਪੇਸ਼ ਕੀਤੀ ਗਈ। ਟੀਮ ਦੀ ਪੂਰੀ ਪੇਸ਼ਕਾਰੀ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ।
ਨੌਜਵਾਨ ਭਾਰਤ ਸਭਾ ਪੰਜਾਬ ਦੇ ਆਗੂ ਨਵਕਿਰਨ ਪੱਤੀ ਨੇ ਗ਼ਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਨੂੰ ਆਪਣੀ ਸ਼ਰਧਾਂਜ਼ਲੀ ਭੇਂਟ ਕਰਦਿਆਂ ਪਿੰਡ ਵਾਸੀਆਂ ਨਵਾਂ ਸਮਾਜ ਸਿਰਜਣ ਲਈ ਅੱਗੇ ਆਉਣ ਦੀ ਅਪੀਲ ਕੀਤੀ, ਉਨਾਂ ਵੋਟ ਵਟੋਰੂ ਪਾਰਟੀਆਂ ਤੇ ਦੋਸ਼ ਲਾਇਆ ਕਿ ਉਹ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣਾ ਉੱਲੂ ਸਿੱਧਾ ਕਰਦੀਆਂ ਹਨ। ਅਜ਼ਾਦੀ ਦੇ ਇੰਨੇ ਵਰਿਆਂ ਬਾਅਦ ਵੀ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਬਹੁਤਾ ਸੁਧਾਰ ਨਹੀਂ। ਉਨਾਂ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਖੁਦਕਸ਼ੀਆਂ ਦਾ ਰਾਹ ਛੱਡਕੇ ਸੰਘਰਸ਼ਸ਼ੀਲ ਜੰਥੇਬੰਦੀਆਂ ਦੇ ਲੜ ਲੱਗਣ।
ਤਰਕਸ਼ੀਲ ਸੁਸਾਇਟੀ ਹਰਿਆਣਾ ਦੇ ਆਗੂ ਰਾਜਾ ਰਾਮ ਹੰਢਿਆਇਆ ਅਤੇ ਫਰਿਆਦ ਸੁਨਿਆਣਾ ਵੱਲੋਂ ਇਸ ਮੌਕੇ ਜਾਦੂ ਦੇ ਟਰਿੱਕ ਪੇਸ਼ ਕੀਤੇ ਗਏ। ਅੱਗ ਤੇ ਤੁਰਨਾ, ਅੱਖਾਂ ਤੇ ਪੱਟੀ ਬੰਨ ਕੇ ਮੋਟਰ ਸਾਇਕਲ ਚਲਾਉਣਾ, ਅੱਗ ਖਾਣੀ ਜਾਂ ਅੱਗ ਨਾਲ ਇਸ਼ਨਾਨ ਕਰਨਾ ਜਿਹੇ ਟਰਿਕਾਂ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ। ਉਨਾਂ ਦੱਸਿਆ ਕਿ ਆਮ ਤੌਰ ਦੇ ਪਖੰਡੀ ਸਾਧ ਸੰਤ ਜਾਦੂ ਦਾ ਸਹਾਰਾ ਲੈਕੇ ਆਪਣੇ ਆਪ ਨੂੰ ਕਰਾਮਾਤੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਜਾਦੂ ਸਿਰਫ਼ ਹੱਥ ਦੀ ਸਫ਼ਾਈ ਹੈ। ਹਜ਼ਾਰਾਂ ਗਿਣਤੀ ਵਿੱਚ ਹਾਜ਼ਰ ਔਰਤਾਂ, ਮਰਦਾਂ ਤੇ ਬੱਚਿਆਂ ਨੇ ਪ੍ਰੋਗਰਾਮ ਦਾ ਖ਼ੂਬ ਅਨੰਦ ਮਾਣਿਆਂ। ਆਪਣੇ ਮਿਥੇ ਸਮੇਂ ਤੋਂ ਵੀ 2 ਘੰਟੇ ਲੰਬਾ ਚੱਲਾ ਇਸ ਪ੍ਰੋਗਰਾਮ ਦੀ ਇਲਾਕੇ ਵਿੱਚ ਖ਼ੂਬ ਚਰਚਾ ਹੈ।
ਇਸ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਵਿੱਚ ਅਹਿਮ ਭੂਮਿਕਾ ਨਭਾਉਣ ਵਾਲੇ ਮਾਸਟਰ ਰਘਵੀਦ ਚੰਦ ਅਤੇ ਪਿੰਡ ਦੇ ਹੋਰਨਾਂ ਪਤਵੰਤਿਆਂ ਦਾ ਇਸ ਮੌਕੇ ਤਰਕਸ਼ੀਲ ਸੁਸਾਇਟੀ ਵੱਲੋਂ ਸਨਮਾਨ ਵੀ ਕੀਤਾ ਗਿਆ।