Site icon Tarksheel Society Bharat (Regd.)

ਦੂਰ ਜਾ ਰਹੀਆਂ ਗਲੈਕਸੀਆਂ

ਮੇਘ ਰਾਜ ਮਿੱਤਰ

ਇਸ ਤਰ੍ਹਾਂ ਵਿਗਿਆਨੀਆਂ ਨੇ ਵੇਖਿਆ ਕਿ ਪ੍ਰਕਾਸ਼ ਕਿਰਨਾਂ ਨੂੰ ਜਦੋਂ ਪ੍ਰਿਜ਼ਮ `ਚੋਂ ਲੰਘਾਇਆ ਜਾਂਦਾ ਹੈ ਤਾਂ ਉਹਨਾਂ ਦੀਆਂ ਤਰੰਗ ਲੰਬਾਈਆਂ ਦਾ ਝੁਕਾਅ ਵੱਧ ਤਰੰਗ ਲੰਬਾਈ ਲਾਲ ਰੰਗ ਵੱਲ ਹੁੰਦਾ ਹੈ। ਇਸ ਤੋਂ ਸਪਸ਼ਟ ਹੋ ਗਿਆ ਕਿ ਸਾਰੀਆਂ ਗਲੈਕਸੀਆਂ ਇੱਕ ਦੂਜੀ ਤੋਂ ਦੂਰ ਜਾ ਰਹੀਆਂ ਹਨ। ਜੇ ਇਹਨਾਂ ਦਾ ਝੁਕਾਅ ਨੀਲੇ ਰੰਗ ਵੱਲ ਹੁੰਦਾ ਤਾਂ ਇਸ ਦਾ ਮਤਲਬ ਹੁੰਦਾ ਕਿ ਗਲੈਕਸੀਆਂ ਇੱਕ ਦੂਜੀ ਦੇ ਨਜ਼ਦੀਕ ਆ ਰਹੀਆਂ ਹਨ। ਸੋ ਉਪਰੋਕਤ ਵਰਤਾਰਿਆਂ ਰਾਹੀਂ ਤੇ ਪ੍ਰਯੋਗਾਂ ਰਾਹੀਂ ਸੰਸਾਰ ਦੇ ਸਾਰੇ ਵਿਗਿਆਨੀਆਂ ਨੂੰ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਬ੍ਰਹਿਮੰਡ ਵਿੱਚ ਗਲੈਕਸੀਆਂ ਇੱਕ ਦੂਜੀ ਤੋਂ ਪਰੇ੍ਹ ਹਟ ਰਹੀਆਂ ਹਨ। ਬਹੁਤ ਸਾਰੀਆਂ ਗਲੈਕਸੀਆਂ ਤਾਂ ਬਹੁਤ ਜ਼ਿਆਦਾ ਗਤੀ ਨਾਲ ਇੱਕ ਦੂਜੀ ਤੋਂ ਪਰ੍ਹਾਂ ਹਟ ਰਹੀਆਂ ਹਨ। ਕਈਆਂ ਦੀ ਪਰ੍ਹਾਂ ਹਟਣ ਦੀ ਗਤੀ ਤਾਂ ਪ੍ਰਕਾਸ਼ ਦੀ ਗਤੀ ਦੇ ਨੇੜੇ ਤੇੜੇ ਵੀ ਪੁੱਜ ਗਈ ਹੈ। ਆਮ ਭਾਸ਼ਾ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਬ੍ਰਹਿਮੰਡ ਗੁਬਾਰੇ ਦੀ ਤਰ੍ਹਾਂ ਫੈਲ ਰਿਹਾ ਹੈ। ਜੇ ਅਸੀਂ ਗੁਬਾਰੇ ਉੱਤੇ ਬਹੁਤ ਸਾਰੇ ਨਿਸ਼ਾਨ ਲਗਾ ਲਈਏ ਅਤੇ ਇੱਕ ਉੱਪਰ ਸਾਡੀ ਗਲੈਕਸੀ ‘ਮਿਲਕੀ ਵੇ’ ਅਤੇ ਕਿਸੇ ਹੋਰ ਨਜ਼ਦੀਕੀ ਨਿਸ਼ਾਨ ਉੱਪਰ ਸਾਡੀ ਨੇੜੇ ਦੀ ਗਲੈਕਸੀ ‘ਐਂਡਰੋਮਿਡਾ’ ਦਾ ਨਾਂ ਲਿਖ ਦੇਈਏ ਅਤੇ ਗੁਬਾਰੇ ਵਿੱਚ ਹਵਾ ਭਰਨੀ ਸ਼ੁਰੂ ਕਰ ਦੇਈਏ ਤਾਂ ਅਸੀਂ ਦੇਖਾਂਗੇ ਕਿ ਗੁਬਾਰੇ ਉੱਤੇ ਅੰਕਿਤ ਸਾਡੀਆਂ ਇਹਨਾਂ ਗਲੈਕਸੀਆਂ ਸਮੇਤ ਸਾਰੀਆਂ ਗਲੈਕਸੀਆਂ ਵਿੱਚਕਾਰ ਦੂਰੀ ਵਧ ਰਹੀ ਹੋਵੇਗੀ।

Exit mobile version