ਮੇਘ ਰਾਜ ਮਿੱਤਰ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੁੱਢਲਾ ਮਾਦਾ ਵੀ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਹੋਰ ਜੀਵਨ ਚੱਕਰ ਦੀ ਪੈਦਾਇਸ਼ ਸੀ। ਕਿਉਂਕਿ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਮੁੱਢਲਾ ਪਦਾਰਥ ਹਮੇਸ਼ਾ ਹੀ ਬ੍ਰਹਿਮੰਡ ਵਿੱਚ ਸੀ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਰਹੇਗਾ। ਬ੍ਰਹਿਮੰਡ ਐਨਾਂ ਵਿਸ਼ਾਲ ਹੈ ਕਿ ਇਸਦਾ ਕਿਤੇ ਵੀ ਕੋਈ ਅੰਤ ਨਹੀਂ ਹੈ ਅਤੇ ਨਾ ਹੀ ਇਸ ਦਾ ਅੰਤ ਸੰਭਵ ਹੈ। ਕਿਉਂਕਿ ਇਸਦੀ ਸੀਮਾ ਦਾ ਮਤਲਬ ਕਿਸੇ ਹੋਰ ਮਾਦੇ ਦੀ ਹੋਂਦ ਹੀ ਹੋ ਸਕਦਾ ਹੈ। ਕੁਝ ਵਿਅਕਤੀ ਇੱਥੇ ਇਹ ਦਲੀਲ ਵੀ ਦੇ ਸਕਦੇ ਹਨ ਕਿ ਇਸ ਸੰਸਾਰ ਦਾ ਸਿਰਜਣਹਾਰਾ ਕੋਈ ਨਾ ਕੋਈ ਜ਼ਰੂਰ ਹੈ। ਵਿਗਿਆਨੀ ਇਸ ਗੱਲ ਨੂੰ ਨਹੀਂ ਮੰਨਦੇ ਕਿ ਹਰ ਵਸਤੂ ਦਾ ਕੋਈ ਨਾ ਕੋਈ ਸਿਰਜਣਹਾਰ ਹੁੰਦਾ ਹੈ। ਪ੍ਰਾਕ੍ਰਿਤਕ ਨਿਯਮਾਂ ਅਨੁਸਾਰ ਬਹੁਤ ਸਾਰੀਆਂ ਵਸਤੂਆਂ ਆਪਣੇ ਆਪ ਹੀ ਹੋਂਦ ਵਿੱਚ ਆਉਂਦੀਆਂ ਰਹਿੰਦੀਆਂ ਹਨ। ਉਦਾਹਰਣ ਵਜੋਂ ਬੱਦਲ ਆਪਣੇ ਆਪ ਬਣਦੇ ਰਹਿੰਦੇ ਹਨ ਅਤੇ ਬਰਸਾਤ ਹੁੰਦੀ ਰਹਿੰਦੀ ਹੈ। ਪਹਾੜ ਬਣ ਜਾਂਦੇ ਹਨ ਅਤੇ ਨਸ਼ਟ ਵੀ ਹੋ ਜਾਂਦੇ ਹਨ। ਸਮੇਂ ਦਾ ਫੇਰ ਜੰਗਲਾਂ ਨੂੰ ਮਾਰੂਥਲ ਵਿੱਚ ਅਤੇ ਮੁੜ ਮਾਰੂਥਲ ਨੂੰ ਜੰਗਲਾਂ ਵਿੱਚ ਬਦਲ ਸਕਦਾ ਹੈ। ਜੇ ਸਿਰਜਣਹਾਰੇ ਦੇ ਪੱਖੀਆਂ ਦੀ ਦਲੀਲ ਨੂੰ ਮੰਨ ਲਈਏ ਕਿ ਹਰ ਵਸਤੂ ਦਾ ਕੋਈ ਨਾ ਕੋਈ ਸਿਰਜਣਹਾਰ ਹੁੰਦਾ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿਰਜਣਹਾਰੇ ਦੀ ਸਿਰਜਣਾ ਕਿਸ ਨੇ ਕੀਤੀ। ਹਰੇਕ ਦਾ ਜਵਾਬ ਹੋਵੇਗਾ ਕਿ ਉਹ ਤਾਂ ਸਭ ਕੁਝ ਆਪ ਹੀ ਹੈ ਭਾਵ ਉਸ ਦੀ ਸਿਰਜਣਾ ਕਿਸੇ ਨੇ ਨਹੀਂ ਕੀਤੀ।