ਮੇਘ ਰਾਜ ਮਿੱਤਰ
ਵਿਗਿਆਨ ਨੂੰ ਸਮਝਣ ਲਈ ਇੱਕ ਹੋਰ ਨਿਯਮ ਦੀ ਸਮਝ ਵੀ ਅਤਿ ਜ਼ਰੂਰੀ ਹੈ। ਬ੍ਰਹਿਮੰਡ ਵਿੱਚ ਉਪਲਬਧ ਹਰੇਕ ਜੀਵਤ ਅਤੇ ਮੁਰਦਾ ਵਸਤੂ ਦੀ ਸ਼ੁਰੂਆਤ ਅਤੇ ਅੰਤ ਹੁੰਦਾ ਹੈ। ਸੁਖ਼ਾਲੀ ਭਾਸ਼ਾ ਵਿੱਚ ਅਸੀਂ ਇਸ ਨੂੰ ਜੀਵਨ ਚੱਕਰ ਕਹਿ ਸਕਦੇ ਹਾਂ। ਸਾਰੇ ਸੰਸਾਰ ਵਿੱਚ ਇੱਕ ਵੀ ਅਜਿਹਾ ਪਦਾਰਥ ਨਹੀਂ ਹੈ ਜਿਸਦਾ ਜਨਮ ਅਤੇ ਮੌਤ ਨਾ ਹੋਵੇ। ਇਹ ਜੀਵਨ ਚੱਕਰ ਸੈਕਿੰਡ ਤੋਂ ਘੱਟ ਹੋ ਸਕਦਾ ਹੈ ਅਤੇ ਖਰਬਾਂ ਵਰਿ੍ਹਆਂ ਤੋਂ ਵੱਧ ਦੀ ਵੀ ਸੰਭਾਵਨਾ ਹੈ। ਉਦਾਹਰਣ ਲਈ ਮੱਛਰ ਕੁਝ ਦਿਨਾਂ ਵਿੱਚ ਹੀ ਜਨਮ, ਜੁਆਨੀ, ਸੰਤਾਨ ਉਤਪਤੀ ਅਤੇ ਬੁਢਾਪੇ ਦਾ ਚੱਕਰ ਪੂਰਾ ਕਰ ਲੈਂਦਾ ਹੈ। ਅਸੀਂ ਮਨੁੱਖ ਲੱਗਭੱਗ ਅੱਸੀ ਸਾਲ ਵਿੱਚ ਇਹ ਚੱਕਰ ਖ਼ਤਮ ਕਰ ਲਵਾਂਗੇ। ਆਪਣੇ ਮਾਤਾ ਪਿਤਾ ਤੋਂ ਇੱਕ-ਇੱਕ ਸੈੱਲ ਪ੍ਰਾਪਤ ਕਰਕੇ ਅਸੀਂ ਆਪਣਾ ਜੀਵਨ ਚੱਕਰ ਸ਼ੁਰੂ ਕਰਦੇ ਹਾਂ। ਇਸ ਤੋਂ ਬਾਅਦ ਧਰਤੀ ਤੇ ਉੱਗੇ ਪੌਦਿਆਂ ਤੋਂ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਵਰਗੇ ਤੱਤਾਂ ਦੇ ਪ੍ਰਮਾਣੂਆਂ ਤੋਂ ਬਣੇ ਅਣੂ ਪ੍ਰਾਪਤ ਕਰਦੇ ਰਹਿੰਦੇ ਹਾਂ ਜਿਸ ਨਾਲ ਸਾਡੇ ਅੰਦਰ ਸੈੱਲਾਂ ਦੀ ਗਿਣਤੀ ਲਗਾਤਾਰ ਵਧਦੀ ਰਹਿੰਦੀ ਹੈ। ਲੱਗਭਗ ਚਾਲੀ ਸਾਲ ਦੀ ਉਮਰ ਤੱਕ ਸਾਡੇ ਵਿੱਚ ਜਮ੍ਹਾਂ ਹੋਣ ਵਾਲੇ ਸੈੱਲਾਂ ਦੀ ਗਿਣਤੀ ਛੇ ਖਰਬ ਤੱਕ ਪੁੱਜ ਜਾਂਦੀ ਹੈ। ਜਿਵੇਂ ਹਰੇਕ ਵਸਤੂ ਦਾ ਜੀਵਨ ਚੱਕਰ ਹੁੰਦਾ ਹੈ ਉਸੇ ਤਰ੍ਹਾਂ ਸੈੱਲਾਂ ਦਾ ਜੀਵਨ ਚੱਕਰ ਵੀ ਕੁਝ ਦਿਨਾਂ ਦਾ ਹੀ ਹੁੰਦਾ ਹੈ। ਪੁਰਾਣੇ ਸੈੱਲ ਮਰਦੇ ਰਹਿੰਦੇ ਹਨ ਅਤੇ ਨਵੇਂ ਪੈਦਾ ਹੁੰਦੇ ਰਹਿੰਦੇ ਹਨ। ਸਮੁੱਚੇ ਰੂਪ ਵਿੱਚ ਸਰੀਰ ਦੇ ਸੈੱਲਾਂ ਦੀ ਗਿਣਤੀ ਚਾਲੀ ਸਾਲ ਦੀ ਉਮਰ ਤੱਕ ਵਧਦੀ ਰਹਿੰਦੀ ਹੈ। ਪਰ ਇਸ ਪਿੱਛੋਂ ਚਾਲੀ ਤੋਂ ਪੰਜਾਹ ਸਾਲ ਦੀ ਉਮਰ ਤੱਕ ਇਹ ਗਿਣਤੀ ਲੱਗਭੱਗ ਸਾਵੀਂ ਰਹਿੰਦੀ ਹੈ। ਇਸ ਤੋਂ ਬਾਅਦ ਇਹ ਘਟਨਾ ਸ਼ੁਰੂ ਹੋ ਜਾਂਦੀ ਹੈ। ਸਰੀਰ ਵਿੱਚ ਰੋਜ਼ਾਨਾ ਪੈਦਾ ਹੋਣ ਵਾਲੇ ਸੈੱਲਾਂ ਦੀ ਗਿਣਤੀ ਮਰਨ ਵਾਲੇ ਸੈੱਲਾਂ ਤੋਂ ਘੱਟ ਜਾਂਦੀ ਹੈ। ਲੱਗਭੱਗ ਅੱਸੀ ਸਾਲ ਦੀ ਉਮਰ ਤੱਕ ਸਰੀਰ ਦੇ ਸੈੱਲਾਂ ਦੀ ਗਿਣਤੀ ਐਨੀ ਘੱਟ ਹੋ ਜਾਂਦੀ ਹੈ ਕਿ ਸਾਡੀ ਕੋਈ ਨਾ ਕੋਈ ਅੰਗ ਪ੍ਰਣਾਲੀ ਕੰਮ ਕਰਨੋ ਜਵਾਬ ਦੇ ਜਾਂਦੀ ਹੈ। ਇਸ ਤਰ੍ਹਾਂ ਸਾਡੇ ਜੀਵਨ ਚੱਕਰ ਦਾ ਅੰਤ ਹੋ ਜਾਂਦਾ ਹੈ ਅਤੇ ਧਰਤੀ ਤੋਂ ਪ੍ਰਾਪਤ ਸਾਰੇ ਕਣ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਨੂੰ ਮੁੜ ਜਾਂਦੇ ਹਨ।
ਧਰਤੀ ਤੇ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਵੀ ਇਸੇ ਕਿਸਮ ਦਾ ਜੀਵਨ ਚੱਕਰ ਬਤੀਤ ਕਰਦੀਆਂ ਰਹਿੰਦੀਆਂ ਹਨ। ਉਦਾਹਰਣ ਵਜੋਂ ਜਿਸ ਕੁਰਸੀ ਤੇ ਬੈਠ ਕੇ ਤੁਸੀਂ ਇਹ ਕਿਤਾਬ ਪੜ੍ਹ ਰਹੇ ਹੋ ਉਸ ਦੇ ਬੀਤੇ ਹੋਏ ਸਮੇਂ ਤੇ ਆਉਣ ਵਾਲੇ ਪਲਾਂ ਬਾਰੇ ਤੁਸੀਂ ਕੁਝ ਨਾ ਕੁਝ ਅੰਦਾਜ਼ਾ ਜ਼ਰੂਰ ਲਾ ਸਕਦੇ ਹੋ। ਤੁਹਾਡੀ ਸੋਚ ਦੱਸੇਗੀ ਕਿ ਕਿਸੇ ਸਮੇਂ ਇਹ ਕੁਰਸੀ ਇੱਕ ਦਰਖੱਤ ਦਾ ਕੋਈ ਅੰਗ ਹੋੋਵੇਗੀ ਅਤੇ ਉਹ ਦਰੱਖਤ ਆਪਣੀ ਉਮਰ ਭੋਗ ਕੇ ਸੁੱਕ ਗਿਆ ਹੋਵੇਗਾ ਜਾਂ ਕਿਸੇ ਲੱਕੜ ਹਾਰੇ ਦੀ ਲੋੜ ਬਣ ਗਿਆ ਹੋਵੇਗਾ ਅਤੇ ਕਿਸੇ ਕਾਰੀਗਰ ਨੇ ਇਸਦੀ ਕੁਰਸੀ ਤਿਆਰ ਕਰ ਦਿੱਤੀ ਹੋਵੇਗੀ। ਜਦੋਂ ਇਸਦੇ ਭਵਿੱਖ ਵੱਲ ਨਜ਼ਰ ਮਾਰੋਗੇ ਤਾਂ ਤੁਸੀਂ ਇਸ ਸਿੱਟੇ ਤੇ ਪਹੁੰਚੋਗੇ ਕਿ ਕਿਸੇ ਦਿਨ ਇਹ ਕੁਰਸੀ ਟੁੱਟ ਜਾਵੇਗੀ ਅਤੇ ਕੋਈ ਇਸਨੂੰ ਚੁੱਲੇ ਵਿੱਚ ਬਾਲਣ ਦੇ ਤੌਰ ਤੇ ਵਰਤ ਲਵੇਗਾ। ਇਸ ਤਰ੍ਹਾਂ ਪ੍ਰਾਪਤ ਹੋਇਆ ਗਰਮੀ, ਪਾਣੀ ਤੇ ਕਾਰਬਨ ਡਾਈਕਸਾਈਡ ਮੁੜ ਵਾਯੂ ਮੰਡਲ ਵਿੱਚ ਜਾ ਮਿਲੇਗਾ ਜਿੱਥੇ ਦਰੱਖਤਾਂ ਨੇ ਮੁੜ ਇਸਦੀ ਖੁਰਾਕ ਬਣਾ ਲੈਣੀ ਹੈ ਅਤੇ ਸਿੱਟੇ ਵਜੋਂ ਧਰਤੀ ਵਿੱਚੋਂ ਨਿਕਲੇ ਅਣੂ ਧਰਤੀ ਵਿੱਚ ਹੀ ਵਾਪਸ ਹੋ ਜਾਣਗੇ।
ਸਮੁੰਦਰ ਵਿੱਚੋਂ ਵਾਸ਼ਪ ਬਣ ਕੇ ਉੱਡਿਆ ਪਾਣੀ ਬੱਦਲ ਬਣ ਕੇ ਪਹਾੜਾਂ ਤੇ ਢੇਰੀ ਹੋ ਜਾਂਦਾ ਹੈ। ਸੈਂਕੜੇ ਮੀਲਾਂ ਦੀ ਦੂਰੀ ਤੈਅ ਕਰਕੇ ਫਿਰ ਨਦੀਆਂ ਨਾਲਿਆਂ ਵਿੱਚੋਂ ਦੀ ਯਾਤਰਾ ਕਰਦਾ ਮੁੜ ਸਮੁੰਦਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਤਰ੍ਹਾਂ ਬ੍ਰਹਿਮੰਡ ਵਿੱਚ ਮਿਲਣ ਵਾਲੇ ਸਾਰੇ ਤਾਰਿਆਂ, ਗ੍ਰਹਿਆਂ ਤੇ ਉਪਗ੍ਰਹਿਆਂ ਦਾ ਜੀਵਨ ਚੱਕਰ ਹੁੰਦਾ ਹੈ। ਭਾਵੇਂ ਇਹ ਜੀਵਨ ਚੱਕਰ ਅਰਬਾਂ ਵਰੇ੍ਹ ਦੇ ਹਨ ਤੇ ਇਸ ਵਿੱਚ ਅਰਬਾਂ ਹੀ ਛੋਟੇ ਵੱਡੇ ਜੀਵਨ ਚੱਕਰ ਹੋਰ ਸ਼ਾਮਿਲ ਹਨ, ਇਹਨਾਂ ਸਾਰਿਆਂ ਦੀ ਚਰਚਾ ਕਰਨੀ ਸਾਡੀ ਸਮਰੱਥਾ ਤੋਂ ਬਾਹਰੀ ਗੱਲ ਹੈ।